ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2020 - ਸਿਵਲ ਸਰਜਨ ਬਠਿੰਡਾ ਡਾ: ਅਮਰੀਕ ਸਿੰਘ ਸੰਧੂ ਨੇ ਵਿਸ਼ਵ ਸਿਹਤ ਦਿਵਸ ਤੇ ਦੇਸ਼ ਵਾਸੀਆਂ, ਜਿਲ੍ਹਾ ਵਾਸੀਆਂ ਅਤੇ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਕੋਰੋਨਾ ਬਿਮਾਰੀ ਜ਼ੋ ਕਿ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਉਸ ਤੋਂ ਬਚਾਅ ਲਈ ਜਰੂਰੀ ਹੈ ਕਿ ਅਸੀਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ।
ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੋਸ਼ਲ ਡਿਸਟੈਂਸ ਬਣਾਕੇ ਰੱਖੀਏ। ਹੱਥਾਂ ਨੂੰ ਵਾਰ ਵਾਰ ਧੋਵੋ ਅਤੇ ਸੈਨੇਟਾਈਜਰ ਦੀ ਵਰਤੋਂ ਵੀ ਕੀਤੀ ਜਾਵੇ। ਆਪਣੇ ਚਿਹਰੇ, ਅੱਖਾਂ ਤੇ ਨੱਕ ਆਦਿ ਨੂੰ ਛੂਹਣ ਤੋਂ ਪਰਹੇਜ਼ ਕੀਤਾ ਜਾਵੇ, ਜ਼ੋ ਵੀ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਨ, ਉਹਨਾਂ ਪਿਛੇ ਇੱਕ ਵਿਗਿਆਨਿਕ ਤੱਥ ਹੁੰਦਾ ਹੈ।
ਉਹਨਾਂ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾਂ ਦੇ ਜੀਵਨ ਵਿੱਚ ਪੌਸਟਿਕ ਆਹਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੀਰ ਦੀ ਇਮਿਊਨਟੀ ਲਈ ਕਾਰਬੋਹਾਡ੍ਰੇਟਸ, ਫੈਟ, ਡਾਇਟਰੀ ਫਾਇਬਰ, ਮਿਨਰਲਜ਼, ਪੋ੍ਰਟੀਨ ਅਤੇ ਵਿਟਾਮਿਨ ਯੁਕਤ ਭੋਜਨ ਦੀ ਵਰਤੋਂ ਕੀਤੀ ਜਾਵੇ। ਰੋਜ਼ਾਨਾ ਦੇ ਜੀਵਨ ਵਿੱਚ ਕਸਰਤ ਅਤੇ ਮੈਡੀਟੇਸ਼ਨ ਵੀ ਕੀਤੀ ਜਾਵੇ, ਤਾਂ ਜ਼ੋ ਸਰੀਰ ਦੀ ਤੁੰਦਰੁਸਤੀ ਦੇ ਨਾਲ-ਨਾਲ ਮਨ ਨੂੰ ਤੰਦਰੁਸਤ ਬਣਾਇਆ ਜਾ ਸਕੇ।ਜੇਕਰ ਅਸੀਂ ਇਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਾਂਗੇ ਤਾਂ ਹੀ ਅਸੀਂ ਇਸ ਮਹਾਂਮਾਰੀ ਨੂੰ ਰੋਕਣ ਵਿੱਚ ਯੋਗਦਾਨ ਪਾ ਸਕਾਂਗੇ ਅਤੇ ਇਸ ਉਪਰ ਜਿੱਤ ਪ੍ਰਾਪਤ ਕਰ ਸਕਾਂਗੇ।