ਹਰਿੰਦਰ ਨਿੱਕਾ
- ਡਿਪਟੀ ਕਮਿਸ਼ਨਰ ਵੱੱਲੋਂ ਸਫਾਈ ਸੇਵਕਾਂ ਦਾ ਸਨਮਾਨ , ਵੰਡੇ ਮਾਸਕ ਅਤੇ ਸੈਨੇਟਾਈਜ਼ਰ
- ਸੈਨੇਟਾਈਜ਼ੇਸ਼ਨ ਮੁਹਿੰਮ ਤੇਜ਼ ਕਰਨ ਲਈ ਫਾਇਰ ਟੈਂਡਰ ਰਵਾਨਾ
ਬਰਨਾਲਾ 08 ਅਪਰੈਲ 2020 - ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿੱਢੀ ਹੌਸਲਾ ਅਫਜ਼ਾਈ ਮੁਹਿੰਮ ਤਹਿਤ ਅੱਜ ਨਗਰ ਕੌਂਸਲ ਬਰਨਾਲਾ ਦਾ ਦਫਤਰ ਉਸ ਵੇਲੇ ਤਾੜੀਆਂ ਨਾਲ ਗੂੰਜ ਉਠਿਆ, ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕੋਵਿਡ-19 ਵਿਰੁੱਧ ਜੰਗ ’ਚ ਡਟੇ ਸਫਾਈ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ ਨੇ ਸਫਾਈ ਸੇਵਕਾਂ ਦਾ ਗਲਾਂ ਵਿਚ ਹਾਰ ਪਾ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡੇ। ਇਸ ਦੇ ਨਾਲ ਹੀ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲਗਾਤਾਰ ਤਾੜੀਆਂ ਮਾਰ ਕੇ ਸਫਾਈ ਕਾਮਿਆਂ ਦੀਆਂ ਸੇਵਾਵਾਂ ਨੂੰ ਸਲਾਹਿਆ ਗਿਆ। ਇਸ ਮੌਕੇ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਅਤੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਵੀ ਹਾਜ਼ਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਫੂਲਕਾ ਨੇ ਆਖਿਆ ਕਿ ਸਫਾਈ ਸੇਵਕ ਲਗਾਤਾਰ ਸੇਵਾਵਾਂ ਦੇ ਰਹੇ ਹਨ, ਤਾਂ ਜੋ ਸਾਡੀ ਅਵਾਮ ਬਿਮਾਰੀਆਂ ਤੋਂ ਮੁਕਤ ਰਹੇ ਅਤੇ ਸਾਡਾ ਆਲਮ ਸਾਫ ਰਹੇ। ਇਸ ਲਈ ਇਨਾਂ ਕਰਮੀਆਂ ਦੀਆਂ ਸੇਵਾਵਾਂ ਜ਼ਿਕਰਯੋਗ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਸਫਾਈ ਸੇਵਕਾਂ ਦੇ ਸਨਮਾਨ ਤੋਂ ਇਲਾਵਾ ਬਾਕੀ ਨਗਰ ਕੌਂਸਲਾਂ ਜਿਵੇਂ ਤਪਾ, ਭਦੌੜ, ਧਨੌਲਾ, ਨਗਰ ਪੰਚਾਇਤ ਹੰਢਾਇਆ ਦੇ ਸਫਾਈ ਸੇਵਕਾਂ ਦੀ ਵੀ ਪੜਾਅਵਾਰ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿਚ ਸੋਡੀਅਮ ਹਾਈਪੋਕਲੋਰਾਈਟ ਦੇ ਘੋਲ ਦੇ ਛੜਕਾਅ ਦੀ ਮੁਹਿੰਮ ਤੇਜ਼ ਕਰਨ ਲਈ ਫਾਇਰ ਟੈਂਡਰ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਸ਼ਹਿਰ ਵਿਚ ਦੋ ਟਰੈਕਟਰ ਸਮੇਤ ਟੈਂਕ ਪਹਿਲਾਂ ਤੋਂ ਹੀ ਸੈਨੇਟਾਈਜ਼ੇਸ਼ਨ ਸੇਵਾਵਾਂ ’ਚ ਲਾਏ ਹੋਏ ਹਨ।
ਸਾਰੀਆਂ ਅਹਿਮ ਥਾਵਾਂ ਨੂੰ ਸੈਨੇਟਾਈਜ਼ੇਸ਼ਨ ਮੁਹਿੰਮ ਤਹਿਤ ਲਿਆਉਣ ਲਈ ਪ੍ਰਸ਼ਾਸਨ ਨੇ ਚੁੱਕਿਆ ਕਦਮ....
ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਭਾਵੇਂ ਸਾਰੇ ਜ਼ਿਲੇ ਵਿਚ ਸੈਨੇਟਾਈਜ਼ੇਸ਼ਨ ਮੁਹਿੰਮ ਚੱਲ ਰਹੀ ਹੈ, ਪਰ ਇਸ ਨੂੰ ਹੋਰ ਸਾਰਥਕ ਬਣਾਉਣ ਲਈ ਬਰਨਾਨਾ ਨਗਰ ਕੌਂਸਲ ਵੱਲੋਂ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਨਗਰ ਕੌਂਸਲ ਤਰਫੋਂ ਰੋਜ਼ਾਨਾ ਪੱਧਰ ’ਤੇ ਕੀਤੀ ਜਾਣ ਵਾਲੀ ਸੈਨੇਟਾਈਜੇਸ਼ਨ ਦਾ ਸ਼ਡਿੳੂਲ ਜਾਰੀ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਭਲਕੇ ਕਿਹੜੇ ਕਿਹੜੇ ਇਲਾਕਿਆਂ ਵਿਚ ਸੈਨੇਟਾਈਜ਼ੇਸ਼ਨ ਕਰਵਾਈ ਜਾ ਰਹੀ ਹੈ। ਇਸ ਨਾਲ ਜਿੱਥੇ ਇਸ ਮੁਹਿੰਮ ਵਿਚ ਪਾਰਦਰਸ਼ਤਾ ਆਵੇਗੀ, ਉਥੇ ਪੂਰੇ ਸ਼ਹਿਰ ਨੂੰ ਸੁਚੱਜੇ ਢੰਗ ਨਾਲ ਕਵਰ ਕੀਤਾ ਜਾ ਸਕੇਗਾ।