ਹਰਜਿੰਦਰ ਸਿੰਘ ਬਸਿਆਲਾ
- ਹੈਂਡ ਸਿੰਬਲ-ਹੋਏ ਸਿੰਗਲ - ਕੀਹਨੂੰ ਕਰਨ ਇਸ਼ਾਰੇ?
ਔਕਲੈਂਡ, 8 ਅਪ੍ਰੈਲ 2020 - ਨਵੀਂ ਦਿੱਲੀ ਏਅਰਪੋਰਟ ਉਤੇ ਜਦੋਂ ਟਰਮੀਨਲ 3 ਉਤੇ ਫਲਾਈਟਾਂ ਉਤਰਦੀਆਂ ਹਨ ਤਾਂ ਜਿਸ ਰਸਤਿਓ ਇਮੀਗ੍ਰੇਸ਼ਨ ਹੋ ਕੇ 'ਮਹਾਨ ਭਾਰਤ' ਦੇ ਦਰਸ਼ਨ ਕਰਨ ਬਾਹਰ ਜਾਣਾ ਹੁੰਦਾ ਹੈ ਉਥੇ ਹਿੰਦੂ ਅਤੇ ਬੁੱਧ ਮੱਤ ਦੇ ਵਿਚ ਜਿਆਦਾ ਪ੍ਰਚਿਲਤ 'ਹਸਤ ਮੁਦਰਾ' ਦੇ 9 ਵੱਡੇ ਹੱਥ ਨਿਸ਼ਾਨ ਸੁੰਦਰ ਸ਼ੀਸ਼ਿਆਂ ਜੜੀ ਚਿਤਰਕਾਰੀ ਕੰਧ ਉਤੇ ਵੱਡੇ ਅਕਾਰ ਵਿਚ ਬਣਾ ਕੇ ਲਗਾਏ ਗਏ ਹਨ। ਇਹ ਸਾਰੇ ਹੱਥ ਦੇ ਨਿਸ਼ਾਨਾਂ ਵਿਲੱਖਣ ਹਾਵ-ਭਾਵ ਦੇ ਜ਼ਰੀਏ ਤੁਹਾਡੀ ਸੁੱਖ ਲੋੜਦੇ ਹਨ ਅਤੇ ਸ਼ੁੱਭ ਕਾਮਨਾਵਾਂ ਦਾ ਸੰਦੇਸ਼ ਵੀ ਦਿੰਤੇ ਹਨ। ਭਾਵੇਂ ਬਹੁਤਿਆਂ ਨੂੰ ਇਸ ਬਾਰੇ ਪਤਾ ਨਾ ਹੋਵੇ ਅਤੇ ਪਰ ਫਿਰ ਵੀ ਭਾਰਤ ਦੀ ਸੰਸਕ੍ਰਿਤੀ ਪੜ੍ਹਨ ਵਾਲੇ ਇਸਨੂੰ ਸਮਝਦੇ ਹਨ।
ਇਨ੍ਹਾਂ 9 ਹਸਤ ਮੁਦਰਾਵਾਂ ਦੇ ਨਾਂਅ ਅਭੈ (ਸੁਰੱਖਿਆ ਅਤੇ ਭਰੋਸਾ), ਵਰਾਦਾ (ਦਾਨ ਦੇਣ ਦੀ ਕਲਾ), ਅਕਾਸ਼ (ਹਵਾ ਅਤੇ ਅਕਾਸ਼ ਊਰਜਾ), ਮਯੂਰ (ਖੁਸ਼ੀ ਦਾ ਇਜ਼ਹਾਰ), ਚਤੁਰਾ (ਮਿਠਾਸ ਦਾ ਅਹਿਸਾਸ), ਤ੍ਰਿਪਾਟਾਕਾ (ਮੱਥੇ 'ਤੇ ਤਿਲਕ ਲਗਾਉਣਾ), ਪਰਾਨਾ (ਜੀਵਨ ਸ਼ਕਤੀ ਅਤੇ ਬ੍ਰਹਿਮੰਡ ਸਬੰਧ), ਤ੍ਰਿਸ਼ੂਲ (ਸ਼ਕਤੀ ਤੇ ਜੋਸ਼ ਦੀ ਤਿੱਕੜੀ) ਅਤੇ ਪ੍ਰਾਣਯਾਮ (ਯੋਗਾ ਅਤੇ ਸਿਹਤਯਾਬੀ) ਹਨ। ਸੰਸਕ੍ਰਿਤ ਦੇ ਵਿਚ ਬੋਲਣ ਵੇਲੇ ਲਹਿਜ਼ਾ ਥੋੜ੍ਹਾ ਵੱਖਰਾ ਹੋ ਸਕਦਾ ਹੈ।
ਭਾਰਤ ਨ੍ਰਿਤ ਅਤੇ ਯੋਗ ਦੇ ਵਿਚ ਇਹ ਹਸਤ ਮੁਦਰਾ ਆਮ ਵਰਤੀ ਜਾਂਦੀ ਹੈ ਅਤੇ ਬਹੁਤ ਸਾਰੀਆਂ ਮੁਦਰਾਵਾਂ ਨੂੰ ਰੋਗਾਂ ਦੀ ਮੁਕਤੀ ਲਈ ਵੀ ਪਰਚਾਰਿਆ ਜਾਂਦਾ ਹੈ। ਦਿੱਲੀ ਏਅਰਪੋਰਟ ਉਤੇ ਲਗਾਏ ਗਏ ਚੋਣਵੇਂ ਹੱਥ ਚਿੰਨ੍ਹ ਯਾਤਰੀਆਂ ਦੇ ਲਈ ਸ਼ੁੱਭ ਕਾਮਨਾਵਾਂ, ਖੁਸ਼ੀਆਂ, ਆਸ਼ੀਰਵਾਦ ਅਤੇ ਯਾਤਰਾ ਸਫਲ ਰਹੇ ਆਦਿ ਦਾ ਸੁਨੇਹਾ ਦਿੰਦੇ ਹਨ। ਪਰ ਅੱਜ ਜਦੋਂ 51 ਏਕੜਾਂ ਦੇ ਵਿਚ ਫੈਲਿਆ ਇਹ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਚੱਲ ਰਿਹਾ ਹੈ, ਚਹਿਲ-ਪਹਿਲ ਖਤਮ ਹੋ ਕੇ ਰਹਿ ਗਈ ਹੈ ਤਾਂ ਇਹ ਹਸਤ ਮੁਦਰਾ ਸੈਲਾਨੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਇਸ਼ਾਰੇ ਕਰਨ ਲਈ ਤਰਸ ਰਹੀ ਹੈ।
ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੇ ਲਈ ਵਿਸ਼ੇਸ਼ ਹਵਾਈ ਜਹਾਜ਼ ਚਲਾ ਕੇ ਉਨ੍ਹਾਂ ਨੂੰ ਵਾਪਿਸ ਆਪਣੇ ਵਤਨੀ ਪਰਤਣ ਦਾ ਪ੍ਰਬੰਧ ਕਰ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਆਮ ਹਵਾਈ ਉਡਾਣਾ ਕਦੋਂ ਸ਼ੁਰੂ ਹੋਣਗੀਆਂ ਅਜੇ ਕਿਹਾ ਨਹੀਂ ਜਾ ਸਕਦਾ ਪਰ 1 ਮਈ ਤੋਂ ਸਿੰਗਾਪੁਰ ਏਅਰ ਲਾਈਨ ਨੇ ਆਪਣੀ ਬੁਕਿੰਗ ਸ਼ੁਰੂ ਕਰ ਦਿੱਤੀ ਹੋਈ ਹੈ। ਸੋ ਆਸ ਹੈ ਕਿ ਅੱਛੇ ਦਿਨ ਆਉਣਗੇ ਅਤੇ ਸਾਰੇ ਲੋਕ ਆਪਣੇ-ਆਪਣੇ ਘਰਾਂ ਨੂੰ ਸੁੱਖੀ ਸਾਂਦੀ ਪਰਤਣ ਲੱਗਣਗੇ।