ਅਸ਼ੋਕ ਵਰਮਾ
- ਐਸਡੀਐਮ ਬਠਿੰਡਾ ਨੇ ਕੰਪਨੀ ਦਾ ਕੀਤਾ ਧੰਨਵਾਦ
ਬਠਿੰਡਾ, 8 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟ ਵਿਚ ਹਰ ਕੋਈ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ ਅਤੇ ਮਨੁੱਖਤਾ ਪ੍ਰਤੀ ਆਪਣੇ ਫਰਜ ਨਿਭਾਅ ਰਿਹਾ ਹੈ। ਇਸੇ ਲੜੀ ਵਿਚ ਕਾਰਗਿਲ ਇੰਡੀਆਂ ਪ੍ਰਾਈਵੇਟ ਲਿਮ: ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਸੁੱਕੇ ਰਾਸ਼ਨ ਦੇ 1000 ਪੈਕਟ ਅੱਜ ਦਿੱਤੇ ਗਏ। ਇਹ ਪੈਕਟ ਐਸ.ਡੀ.ਐੈਮ. ਸ: ਅਮਰਿੰਦਰ ਸਿੰਘ ਟਿਵਾਣਾ ਨੇ ਪ੍ਰਾਪਤ ਕੀਤੇ। ਉਨਾਂ ਨੇ ਇਸ ਮੌਕੇ ਕੰਪਨੀ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਰੂਰਤ ਦੀ ਘੜੀ ਵਿਚ ਸਾਨੂੰ ਸਭ ਨੂੰ ਇਕ ਹੋਕੇ ਕੰਮ ਕਰਨ ਦੀ ਜਰੂਰਤ ਹੈ। ਉਨਾਂ ਨੇ ਕਿਹਾ ਕਿ ਸਾਡੇ ਉਦਯੋਗਿਕ ਅਦਾਰੇ ਹਮੇਸਾ ਹੀ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਰਹਿੰਦੇ ਹਨ। ਉਨਾਂ ਨੇ ਦੱਸਿਆ ਕਿ ਇਹ ਰਾਸ਼ਨ ਬਠਿੰਡਾ ਉਪਮੰਡਲ ਦੇ ਦਿਹਾਤੀ ਖੇਤਰਾਂ ਦੇ ਲੋੜਵੰਦ ਲੋਕਾਂ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਕੰਪਨੀ ਵੱਲੋਂ ਦਿੱਤੇ ਹਰੇਕ ਪੈਕੇਟ ਵਿਚ 5 ਕਿਲੋ ਆਟਾ, ਦੋ ਕਿਲੋ ਦਾਲ, 2 ਕਿਲੋ ਚਾਵਲ, 1 ਲੀਟਰ ਰਿਫਾਇੰਡ, 250 ਮਸਾਲੇ, 1 ਕਿਲੋ ਨਮਕ ਆਦਿ ਸਮਾਨ ਸਾਮਿਲ ਹੈ। ਉਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਲੋੜਵੰਦ ਭੋਜਨ ਤੋਂ ਵਾਂਝਾ ਨਾ ਰਹੇ।