ਅਸ਼ੋਕ ਵਰਮਾ
ਮਾਨਸਾ, 8 ਅਪ੍ਰੈਲ 2020 - ਕੇਂਦਰ ਤੇ ਸੂਬਾ ਸਰਕਾਰ ਜਿੱਥੇ ਲਾਕਡਾਊਨ ਦਰਮਿਆਨ ਲੋਕਾਂ ਚ ਪੁਹੰਚ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਬੁਰੇ ਤਰੀਕੇ ਨਾਲ ਫੇਲ ਸਾਬਿਤ ਹੋ ਰਹੀਆਂ ਨੇ ਉੱਥੇ ਸ਼ੰਘਰਸਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਪਰਚੇ ਪਾ ਕੇ ਲੋਕਤੰਤਰ ਦਾ ਗਲਾ ਘੁੱਟ ਰਹੀਆਂ ਨੇ, ਇਸਦੀ ਤਾਜ਼ਾ ਉਦਾਹਰਣ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਭੀਖੀ ਬਲਾਕ ਸਕੱਤਰ ਕਾਮਰੇਡ ਅਮਰੀਕ ਸਮਾਂਓ ਤੇ ਸਾਥੀਆਂ ਤੇ ਸੰਗਰੂਰ ਜਿਲ੍ਹੇ ਚ ਉਸਾਰੀ ਮਜ਼ਦੂਰਾਂ ਦੇ ਆਗੂ ਰਣਧੀਰ ਸਿੰਘ ਕਾਲਾਝਾੜ ਖਿਲਾਫ ਦਰਜ਼ ਕੀਤੇ ਝੂਠੇ ਪਰਚੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਏਕਟੂ) ਦੇ ਸੂਬਾਈ ਆਗੂਆਂ ਗੁਰਜੰਟ ਸਿੰਘ ਮਾਨਸਾ ਤੇ ਰਣਜੀਤ ਸਿੰਘ ਤਾਮਕੋਟ ਅਤੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਸੂਬਾਈ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉੱਕਤ ਮਜ਼ਦੂਰ ਆਗੂ ਜਿੱਥੇ ਲੋੜਵੰਦ ਮਜ਼ਦੂਰ ਪਰਿਵਾਰਾਂ ਦੀ ਹਰ ਸੰਭਵ ਮਦਦ ਕਰ ਰਹੇ ਆ ਉੱਥੇ ਇਸ ਸੰਕਟ ਦੌਰਾਨ ਸੱਤਾਧਾਰੀਆਂ ਦਾ ਲੋਕ ਦੋਖੀ ਕਿਰਦਾਰ ਵੀ ਲੋਕਾਂ ਸਾਹਮਣੇ ਆ ਰਿਹਾ ਜੋ ਕਿ ਕੁੱਝ ਸੱਤਾਧਾਰੀ ਧਿਰਾਂ ਨੁਮਾਇੰਦਿਆਂ ਨੂੰ ਹਜ਼ਮ ਨਹੀਂ ਆ ਰਿਹਾ।
ਅਜਿਹੇ ਸਮੇਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨਿਰਪੱਖਤਾ ਨਾਲ ਜਾਂਚ ਪੜਤਾਲ ਕਰਕੇ ਮਜ਼ਦੂਰ ਆਗੂਆਂ ਤੇ ਦਰਜ਼ ਬੇਲੋੜੇ ਪਰਚੇ ਤੁਰੰਤ ਰੱਦ ਕਰੇ।ਇਸਤੋਂ ਇਲਾਵਾ ਬਹੁਤ ਸਾਰੇ ਉਸਾਰੀ ਮਿਸਤਰੀ ਮਜ਼ਦੂਰਾਂ ਦੇ ਖਾਤਿਆਂ ਚ ਪੰਜਾਬ ਸਰਕਾਰ ਵੱਲੋਂ ਜਾਰੀ ਰਾਸ਼ੀ ਨਹੀਂ ਪੁਹੰਚੀ ਇਹ ਰਾਸ਼ੀ ਤੁਰੰਤ ਖਾਤਿਆਂ ਚ ਪਾਈ ਜਾਵੇ ਅਤੇ ਪੈਸੇ ਕਢਵਾਉਣ ਗਏ ਮਜ਼ਦੂਰਾਂ ਨਾਲ ਕਿਸੇ ਕਿਸਮ ਦਾ ਦੁਰਵਿਵਹਾਰ ਕਰਨ ਦੀ ਬਜਾਏ ਕੋਈ ਢੁੱਕਵਾਂ ਹੱਲ ਕੱਢਿਆ ਜਾਵੇ। ਰਾਸ਼ਨ ਵੰਡ ਸਬੰਧੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰੀ ਰਾਸ਼ਨ ਅਜੇ ਵੀ ਬਹੁਤ ਲੋੜਵੰਦ ਪਰਿਵਾਰਾਂ ਤੱਕ ਨਹੀਂ ਪੁਹੰਚ ਸਕਿਆ ਸੋ ਸਰਕਾਰੀ ਰਾਸ਼ਨ ਹਰ ਬੇਜ਼ਮੀਨੇ ਮਜ਼ਦੂਰ ਪਰਿਵਾਰ ਤੱਕ ਪੁਹੰਚਣਾ ਯਕੀਨੀ ਬਣਾਇਆ ਜਾਵੇ।