ਸੰਜੀਵ ਸੂਦ
- ਇੱਕ ਕਮਰੇ ਚ ਰਹਿੰਦੇ ਨੇ 5-5 ਲੋਕ ਕਿਵੇਂ ਹੋਵੇਗੀ ਸੋਸ਼ਲ ਡਿਸਟੈਂਸਿੰਗ...
ਲੁਧਿਆਣਾ, 9 ਅਪ੍ਰੈਲ 2020 - ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਲਾਕ ਡਾਊਨ ਹੈ ਉੱਥੇ ਹੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕਰਫ਼ਿਊ ਲਾਇਆ ਗਿਆ ਹੈ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਕਰਫ਼ਿਊ ਨੂੰ ਪੂਰੀ ਤਰ੍ਹਾਂ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਲੁਧਿਆਣਾ ਸਨਅਤੀ ਖੇਤਰ ਹੈ ਜਿਸ ਨੂੰ ਭਾਰਤ ਦਾ ਮੈਨਚੈਸਟਰ ਵੀ ਕਹੇ ਜਾਂਦੇ ਲੁਧਿਆਣਾ ਵਿੱਚ ਲੱਖਾਂ ਦੀ ਤਦਾਦ 'ਚ ਮਾਈਗ੍ਰੇਟਿਡ ਲੇਬਰ ਰਹਿੰਦੀ ਹੈ ਜੋ ਜਾਂ ਤਾਂ ਫੈਕਟਰੀਆਂ 'ਚ ਕੰਮ ਕਰਦੀ ਹੈ ਜਾਂ ਫਿਰ ਮਜ਼ਦੂਰੀ ਦਿਹਾੜੀ ਕਰਕੇ ਜਾਂ ਰੇਹੜੀਆਂ ਫੜ੍ਹੀਆਂ ਲਾ ਕੇ ਆਪਣਾ ਗੁਜ਼ਾਰਾ ਕਰਦੀ ਹੈ।
ਪਰ ਲੱਖਾਂ ਦੀ ਤਦਾਦ 'ਚ ਰਹਿਣ ਵਾਲੀ ਲੁਧਿਆਣਾ ਦੀ ਲੇਬਰ ਹੁਣ ਮੁਸ਼ਕਿਲ ਹਾਲਾਤਾਂ ਚੋਂ ਲੰਘ ਰਹੀ ਹੈ ਕਿਉਂਕਿ ਫੈਕਟਰੀਆਂ ਬੰਦ ਨੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ ਅਤੇ ਆਰਥਿਕ ਤੌਰ 'ਤੇ ਪਹਿਲਾਂ ਹੀ ਕਮਜ਼ੋਰ ਇਹ ਲੇਬਰ ਹੁਣ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਕ ਇੱਕ ਕਮਰੇ ਦੇ ਵਿੱਚ ਪੰਜ ਤੋਂ ਸੱਤ ਲੋਕ ਰਹਿੰਦੇ ਨੇ ਕਮਰਾ ਮਹਿਜ਼ ਅੱਠ ਫੁੱਟ ਚੌੜਾ ਅੱਠ ਫੁੱਟ ਲੰਮਾ ਹੈ ਜਿਸ ਵਿੱਚ ਸੋਸ਼ਲ ਡਿਸਟੈਂਸਿੰਗ ਕਰਨੀ ਤਾਂ ਮਹਿਜ਼ ਇੱਕ ਮਜ਼ਾਕ ਹੀ ਲੱਗਦਾ ਹੈ।
ਸਾਡੀ ਟੀਮ ਵੱਲੋਂ ਲੁਧਿਆਣਾ ਦੇ ਕੰਗਨਵਾਲ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਲੇਬਰ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪਹਿਲਾਂ ਹੀ ਭਰੀ ਬੈਠੀ ਲੇਬਰ ਅਤੇ ਦਿਹਾੜੀਦਾਰਾਂ ਨੇ ਦੱਸਿਆ ਕਿ ਕਿਵੇਂ ਉਹ ਜੇਲ੍ਹ ਵਰਗੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਨੇ ਆਪਣਾ ਦਰਦ ਬਿਆਨ ਕਰਦਿਆਂ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਿੱਥੇ ਉਹ ਕੰਮ ਕਰਦੇ ਸਨ ਉਹ ਫੈਕਟਰੀਆਂ ਬੰਦ ਹੋ ਚੁੱਕੀਆਂ ਨੇ ਅਤੇ ਹੁਣ ਉਨ੍ਹਾਂ ਨੂੰ ਨਾ ਤਾਂ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਉਹ ਵਾਪਿਸ ਆਪਣੇ ਸੂਬੇ 'ਚ ਪਰਤ ਸਕਦੇ ਨੇ ਕਿਉਂਕਿ ਟਰੇਨਾਂ ਜਾਂ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਕੰਗਣਵਾਲ ਇਲਾਕਾ ਯੂਪੀ ਦੇ ਜਾਂ ਬਿਹਾਰ ਦੇ ਕਿਸੇ ਪਿੰਡ ਵਰਗਾ ਹੀ ਵਿਖਾਈ ਦਿੰਦਾ ਹੈ ਜਿੱਥੇ ਵੱਡੀ ਤਦਾਦ 'ਚ ਲੋਕ ਰਹਿੰਦੇ ਨੇ ਛੋਟੇ ਛੋਟੇ ਕਮਰੇ ਨੇ ਅਤੇ ਮਕਾਨ ਮਾਲਕਾਂ ਵੱਲੋਂ ਇਨ੍ਹਾਂ ਤੋਂ ਕਿਰਾਏ ਵੀ ਵਸੂਲੇ ਜਾ ਰਹੇ ਨੇ। ਵੱਡੇ-ਵੱਡੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਇੱਥੇ ਆ ਕੇ ਫੇਲ੍ਹ ਹੋ ਜਾਂਦਾ ਹੈ ਕਿਉਂਕਿ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਇਹ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਜਿਵੇਂ ਇਸ ਇਲਾਕੇ ਤੱਕ ਪਹੁੰਚ ਹੀ ਨਾ ਹੋਈ ਹੋਵੇ।
ਉਧਰ ਦੂਜੇ ਪਾਸੇ ਵਿਚ ਸਮਾਜ ਸੇਵੀ ਸੰਸਥਾਵਾਂ ਜੋ ਆਪਣੇ ਵੱਲੋਂ ਇਨ੍ਹਾਂ ਮਜ਼ਦੂਰਾਂ ਦੀ ਸੇਵਾ ਕਰਦੀ ਹੈ ਅਤੇ ਉਹ ਖੁਦ ਵੀ ਪਰਵਾਸੀ ਮਜ਼ਦੂਰ ਹੀ ਨੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਥੇ ਹਾਲਾਤ ਬਦ ਤੋਂ ਬੱਤਰ ਨੇ ਇੱਕ ਕਮਰੇ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਰਹਿੰਦੇ ਨੇ ਆਪਣੇ ਪਰਿਵਾਰਾਂ ਦੇ ਨਾਲ 6 ਲੱਖ ਮਜ਼ਦੂਰ ਲੁਧਿਆਣਾ ਦੇ ਵਿੱਚ ਵੱਸਦਾ ਹੈ ਅਤੇ ਉਹ ਸਾਰੇ ਹੀ ਹੁਣ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਨੇ ਕਿਉਂਕਿ ਉਹ ਨਾ ਤਾਂ ਪੰਜਾਬ ਚ ਰਹਿਣ ਲਾਇਕ ਰਹੇ ਅਤੇ ਨਾ ਹੀ ਆਪਣੇ ਸੂਬਿਆਂ ਚ ਵਾਪਸ ਜਾਣ ਲਾਇਕ। ਉਧਰ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਸੰਦੀਪ ਸੰਧੂ ਨੇ ਕਿਹਾ ਹੈ ਕਿ ਜੇਕਰ ਕੋਈ ਇਲਾਕਾ ਮਦਦ ਤੋਂ ਬਿਨਾਂ ਰਹਿ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਉਹ ਜ਼ਰੂਰ ਉਨ੍ਹਾਂ ਤੱਕ ਮਦਦ ਪਹੁੰਚਾਉਣਗੇ।