ਅਸ਼ੋਕ ਵਰਮਾ
- ਅਫਵਾਹਾਂ ਨਾ ਫੈਲਾਓ ਨਾ ਅਫਵਾਹਾਂ ਤੇ ਯਕੀਨ ਕਰੋ
ਬਠਿੰਡਾ, 9 ਅਪ੍ਰੈਲ 2020 -ਕੋਵਿਡ 19 ਬਿਮਾਰੀ ਦੇ ਮੱਦੇਨਜਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਸਾਵਧਾਨੀਆਂ ਵਰਤਨ ਅਤੇ ਘਰ ਦੇ ਅੰਦਰ ਹੀ ਰਹਿਣ। ਪਰ ਨਾਲ ਹੀ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਬਿਮਾਰੀ ਦਾ ਤਨਾਅ ਆਪਣੇ ਮਨ ਵਿਚ ਨਾ ਲਿਆਉਣ ਅਤੇ ਆਪਣੀ ਇੱਛਾਸ਼ਕਤੀ ਨੂੰ ਮਜਬੂਤ ਰੱਖਣ। ਉਨਾਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕ ਆਮ ਤੌਰ ਤੇ ਠੀਕ ਹੋ ਜਾਂਦੇ ਹਨ ਅਤੇ ਅਸੀਂ ਆਪਸੀ ਦੂਰੀ ਬਣਾ ਕੇ, ਲਗਾਤਾਰ ਹੱਥਾਂ ਨੂੰ ਧੋਂਦੇ ਰਹਿ ਕੇ ਅਤੇ ਖੰਗਣ ਸਮੇਂ ਆਪਣਾ ਮੂੰਹ ਢੱਕ ਕੇ ਇਸ ਬਿਮਾਰੀ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।
ਉਨਾਂ ਨੇ ਕਿਹਾ ਕਿ ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਅਤੇ ਇਸਦਾ ਕਿਸੇ ਧਰਮ, ਜਾਤੀ ਨਾਲ ਕੋਈ ਸੰਬੰਧ ਨਹੀਂ ਹੈ। ਉਨਾਂ ਨੇ ਕਿਹਾ ਜੇਕਰ ਕਿਸੇ ਨੂੰ ਇਹ ਬਿਮਾਰੀ ਹੋ ਜਾਵੇ ਤਾਂ ਉਸ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਡਾਕਟਰੀ ਸਲਾਹ ਨਾਲ ਇਸਦਾ ਇਲਾਜ ਕਰਵਾਉਣ ਚਾਹੀਦਾ ਹੈ। ਇਸੇ ਤਰਾਂ ਸਾਨੂੰ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਲੱਗੇ ਸਾਡੇ ਡਾਕਟਰੀ ਅਮਲੇ, ਪੁਲਿਸ ਫੋਰਸ, ਸਫਾਈ ਕਰਮੀਆਂ ਅਤੇ ਹੋਰ ਉਨਾਂ ਸਾਰੇ ਲੋਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਮੋਹਰਲੀਆਂ ਸਫਾਂ ਵਿਚ ਰਹਿ ਕੇ ਕੰਮ ਕਰ ਰਹੇ ਹਨ।
ਸਿਵਲ ਸਰਜਨ ਨੇ ਇਸ ਮੌਕੇ ਅਪੀਲ ਕੀਤੀ ਕਿ ਲੋਕ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਨਾ ਹੀ ਖੁਦ ਅਫਵਾਹਾਂ ਫੈਲਾਉਣ। ਉਨਾਂ ਨੇ ਕਿਹਾ ਕਿ ਸਰਕਾਰੀ ਸ਼ੋ੍ਰਤਾਂ ਤੋਂ ਪ੍ਰਾਪਤ ਹੋਣ ਵਾਲੀ ਸੂਚਨਾ ਤੇ ਹੀ ਯਕੀਨ ਕੀਤਾ ਜਾਵੇ ਅਤੇ ਜਿਸ ਸੂਚਨਾ ਤੇ ਸੱਚੀ ਹੋਣ ਦਾ ਯਕੀਨ ਨਾ ਹੋਵੇ ਉਸ ਨੂੰ ਸ਼ੋਸਲ ਮੀਡੀਆ ਤੇ ਅੱਗੇ ਸਾਂਝਾ ਨਾ ਕਰੋ।