ਅਸ਼ੋਕ ਵਰਮਾ
ਬਠਿੰਡਾ, 10 ਅਪ੍ਰੈਲ 2020 - ਬਠਿੰਡਾ ਜਿਲੇ ਦੇ ਦੇ ਪਿੰਡ ਝੁੰਬਾ ਦੀ ਕੋਰੋਨਾ ਵਾਇਰਸ ਜਾਗਰੂਕਤਾ ਅਤੇ ਸਹਾਇਤਾ ਕਮੇਟੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅੱਜ ਐਸਡੀਐਮ ਬਠਿੰਡਾ ਵੱਲੋਂ ਕੀਤੇ ਦੌਰੇ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਕਮੇਟੀ ਦਾ ਕਹਿਣਾ ਹੈ ਕਿ ਲਜਦੋਂ ਅਫਸਰਾਂ ਨੇ ਮਸਲਿਆਂ ਦਾ ਹੱਲ ਹੀ ਨਹੀਂ ਕਰਨਾਂ ਤਾਂ ਇਸ ਸੰਕਟ ਦੇ ਦੌਰ ’ਚ ਪਿੰਡ ਵਾਸੀਆਂ ਨੂੰ ਘਰਾਂ ਤੋਂ ਬਾਹਰ ਕੱੳਣਾਂ ਗੈਰਵਾਜਬ ਹੈ। ਕਮੇਟੀ ਮੈਂਬਰ ਅਮਰੀਕ ਸਿੰਘ, ਪਿ੍ਰਤਪਾਲ ਗੋਇਲ, ਜੀਵਨ ਸ਼ਰਮਾ, ਕਰਤਾਰ ਸਿੰਘ, ਸ਼ੇਰਾ ਸਿੰਘ, ਜਗਵਿੰਦਰ ਸਿੰਘ, ਗੋਰਾ ਸਿੰਘ, ਜਸਵਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਤੇ ਪਿੰਡ ਵਾਸੀ ਅਸ਼ਵਨੀ ਘੁੱਦਾ ਨੇ ਦੱਸਿਆ ਕਿ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਥਾਂ ਉਹ ਹਦਾਇਤਾਂ ਦਿੰਦੇ ਜਿਆਦਾ ਨਜ਼ਰ ਆ ਰਹੇ ਹਨ ਅਤੇ ਅਸਲ ਮਸਲਿਆਂ ਨੂੰ ਪ੍ਰਸ਼ਾਸਨ ਵੱਲੋਂ ਬਿਲਕੁਲ ਅਣਗੌਲਿਆ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਅੱਜ ਜਦੋਂ ਐਸਡੀਐਮ ਬਠਿੰਡਾ ਪਿੰਡ ਘੁੱਦਾ ਵਿਖੇ ਆਏ ਤਾਂ ਪਿੰਡ ਵਿੱਚ ਬਣੀ ਕਰੋਨਾ ਵਾਇਰਸ ਸਬੰਧੀ ਜਾਗੂਰਕਤਾ ਅਤੇ ਸਹਾਇਤਾ ਕਮੇਟੀ ਵੱਲੋਂ ਉਹਨਾਂ ਨਾਲ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਣਾ ਚਾਹਿਆ ਜਿੰਨਾਂ ’ਚ ਲੋਕਾਂ ਲਈ ਮੁਫ਼ਤ ਇਲਾਜ਼, ਲੋੜਵੰਦਾਂ ਤੱਕ ਨਿੱਤ ਵਰਤੋਂ ਦੀ ਸਮੱਗਰੀ ਅਤੇ ਖਾਧ ਖ਼ੁਰਾਕ, ਮਨਨਰੇਗਾ ਮਜਦੂਰਾਂ ਦੇ ਬਕਾਏ ਜਾਰੀ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ ਮਿਲਣ ਵਾਲੇ ਰਾਸ਼ਨ ਦਾ ਹੱਕਦਾਰਾਂ ਤੱਕ ਪਹੁੰਚਣਾ ਯਕੀਨੀ ਬਣਾਉਣ, ਉੱਜਵਲ ਯੋਜਨਾ ਤਹਿਤ ਮਿਲਣ ਵਾਲੇ ਦੇਣਾ ਯਕੀਨੀ ਬਣਾਉਣ ਅਤੇ ਸਬ ਡਿਵੀਜਨਲ ਹਸਪਤਾਲ ਘੁੱਦਾ ਦੀ ਕੁਝ ਸਮੇਂ ਲਈ ਆਰਜੀ ਤੌਰ ਤੇ ਪਿੰਡ ਦੀ ਕਿਸੇ ਹੋਰ ਜਨਤਕ ਥਾਂ ਤੇ ਚਲਾਉਣ ਸਬੰਧੀ ਮੰਗਾਂ ਸ਼ਾਮਿਲ ਸਨ।
ਉਨਾਂ ਦੱਸਿਆ ਕਿ ਜਦੋਂ ਕਮੇਟੀ ਨੇ ਇੰਨਾਂ ਸਮੱਸਿਆਵਾਂ ਬਾਰੇ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨੇ ਇਸ ਨੂੰ ਮਜ਼ਾਕੀਆ ਲਹਿਜੇ ਵਿੱਚ ਅਣਸੁਣਿਆ ਕਰ ਦਿੱਤਾ। ਉਨਾਂ ਦੱਸਿਆ ਕਿ ਜਦੋਂ ਕਮੇਟੀ ਨੇ ਇਸ ਤਰਾਂ ਵਤੀਰੇ ਸਬੰਧੀ ਨਰਾਜ਼ਗੀ ਜਤਾਈ ਤਾਂ ਉਨਾਂ ਨੇ ਅਫ਼ਸਰੀ ਲਹਿਜੇ ਵਿੱਚ ਕਿਹਾ ਕਿ ਕਰਫਿਊ ਦਾ ਮਤਲਬ ਹੀ ਲੋਕਾਂ ਨੂੰ ਸਮੱਸਿਆਵਾਂ ਆਉਣਾ ਹੁੰਦਾ ਹੈ। ਉਨਾਂ ਦੱਸਿਆ ਕਿ ਐਸਡੀਐਮ ਦਾ ਕਹਿਣਾ ਸੀ ਕਿ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਦਾ ਹੱਲ ਆਪ ਹੀ ਕਰਨਾ ਪੈਣਾ ਹੈ ਸਰਕਾਰ ਜਾਂ ਪ੍ਰਸ਼ਾਸਨ ਇਸ ਵਿੱਚ ਕੁਝ ਨਹੀਂ ਕਰ ਸਕਦੇ।
ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਸੰਕਟ ਮੌਕੇ ਸਮੱਸਿਆਵਾਂ ਸੁਣਨ ਦੀ ਥਾਂ ਪ੍ਰਸ਼ਾਸ਼ਨਿਕ ਅਧਿਕਾਰੀ ਲੋਕਾਂ ਉੱਪਰ ਰੋਹਬ ਝਾੜਣ ਆਉਂਦੇ ਹਨ। ਉਨਾਂ ਕਿਹਾ ਕਿ ਇੱਕ ਪਾਸੇ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲੋਕਾਂ ਲਈ ਰਾਹਤ ਦੇ ਐਲਾਨਾਂ ਦੇ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਹਨ, ਪਰ ਹਕੀਕੀ ਪੱਧਰ ਤੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਉਨਾਂ ਦੀ ਗੱਲ ਨੂੰ ਸੁਣਿਆ ਤੱਕ ਨਹੀਂ ਜਾ ਰਿਹਾ। ਉਨਾਂ ਕਿਹਾ ਕਿ ਇਸ ਮੌਕੇ ਲੋਕਾਂ ਮੁਫ਼ਤ ਟੈਸਟ ਕਰਵਾਉਣ ਅਤੇ ਲੋੜਵੰਦਾਂ ਤੱਕ ਦਵਾਈਆਂ ਅਤੇ ਰਾਸ਼ਨ ਪਹੁੰਚਾਉਂਣ ਦੀ ਮੁੱਖ ਲੋੜ ਹੈ ਜਦੋਂਕਿ ਸੇਵਾਵਾਂ ਨਿਭਾਅ ਰਹੇ ਵਿਅਕਤੀਆਂ ਨੂੰ ਵਲੰਟੀਅਰ ਪਾਸ ਜਾਰੀ ਕਰਨੇ ਚਾਹੀਦੇ ਹਨ। ਕਮੇਟੀ ਮੈਂਬਰਾਂ ਨੇ ਪਿੰਡ ਨਾਲ ਸਬੰਧਤ ਮਸਲਿਆਂ ਦੇ ਹੱਲ ਕਰਨ ਦੀ ਮੰਗ ਕੀਤੀ ਹੈ।
ਐਸਡੀਐਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਉਹ ਇਸ ਵਕਤ ਕਣਕ ਦੀ ਫਸਲ ਸਬੰਧੀ ਦੌਰੇ ਕਰ ਰਹੇ ਹਨ ਅਤੇ ਨਾਲ ਹੀ ਕਰਫਿਊ ਦੀਆਂ ਪਾਬੰਦੀਆਂ ਸਖਤ ਕਰਕੇ ਪਿੰਡ ਨੂੰ ਸਰੱਖਿਅਤ ਰੱਖਣ ਲੲਂ ਸਮਝਾਇਟਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਰ ਪਿੰਡ ਝੁੰਬਾ ’ਚ ਕੁੱਝ ਲੋਕਾਂ ਨੇ ਭਾਸ਼ਣਬਾਜੀ ਅਤੇ ਸਿਆਸੀ ਗੱਲਾਂ ਸ਼ੁਰੂ ਕਰ ਦਿੱਤੀਆਂ ਜਿੰਨਾਂ ਦਾ ਇਸ ਵੇਲੇ ਕੋਈ ਸਰੋਕਾਰ ਨਹੀਂ ਹੈ। ਉਨਾਂ ਆਖਿਆ ਕਿ ਸੰਕਟ ਬਹੁਤ ਵੱਡਾ ਹੈ ਜਿਸ ਨੂੰ ਸਾਰਿਆਂ ਨੇ ਮਿਲਕੇ ਬਰਦਾਸ਼ਤ ਕਰਨਾ ਪੈਣਾ ਹੈ।