ਅਸ਼ੋਕ ਵਰਮਾ
ਪਠਾਨਕੋਟ, 9 ਅਪਰੈਲ 2020 - ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਕੰਢੀ ‘ਚ ਪੈਂਦੇ ਪਿੰਡ ਦੀ ਧੀਅ ਸਰਪੰਚ ਨੇ ਕਿਸੇ ਹੰਗਾਮੀ ਹਾਲਤ ਨਾਲ ਨਿਪਟਣ ਲਈ ਪਿੰਡ ਦੇ ਸਕੂਲ ’ਚ ਆਈਸੋਲੇਸ਼ਨ ਵਾਰਡ ਸਥਾਪਿਤ ਕਰ ਦਿੱਤਾ ਹੈ। ਹਾਲਾਂਕਿ ਫਿਲਹਾਲ ਕੋਈ ਖਤਰੇ ਵਾਲੀ ਗੱਲ ਦਿਖਾਈ ਨਹੀ ਦਿੱਤੀ ਹੈ ਫਿਰ ਵੀ ਪਿੰਡ ਦੀ ਸਰਪੰੰਚ ਪੱਲਵੀ ਠਾਕੁਰ ਨੇ ਅਗੇਤਾ ਫੈਸਲਾ ਲੈ ਲਿਆ ਹੈ। ਇਸ ਕੰਮ ਲਈ ਸਰਪੰਚ ਵੱਲੋਂ ਆਪਣੇ ਪਿੰਡ ਵਾਸੀਆਂ ਨਾਲ ਮਿਲਕੇ ਸੋਸ਼ਲ ਡਿਸਟੈਂਸ ਨੂੰ ਕਾਇਮ ਰੱਖਦਿਆਂ ਪਿੰਡ ਦੇ ਸਰਕਾਰੀ ਸਕੂਲ ਦੀ ਸਾਫ ਸਫਾਈ ਕਰਵਾਈ ਗਈ ਹੈ। ਉਸ ਮਗਰੋਂ ਕਮਰਿਆਂ ’ਚ ਰਸਾਇਣਕ ਸਪਰੇਅ ਦਾ ਛਿੜਕਾਅ ਕਰਕੇ ਕਿਟਾਣੂੰ ਰਹਿਤ ਕੀਤਾ ਗਿਆ; ਹੈ। ਪੰਚਾਇਤ ਨੇ ਫਿਲਹਾਲ ਇਸ ਵਾਰਡ ’ਚ ਮੰਜੇ ਲੁਆ ਦਿੱਤੇ ਹਨ। ਪੰਚਾਇਤ ਦਾ ਫੈਸਲਾ ਹੈ ਕਿ ਲਾਕ ਡਾਊਨ ਖਤਮ ਹੋਣ ਜਾਂ ਕਿਸੇ ਮਜਬੂਰੀ ਵੱਸ ਕਿਸੇ ਨੂੰ ਬਾਹਰੋਂ ਆਉਣਾ ਪਿਆ ਤਾਂ ਊਸ ਨੂੰ ਆਈਸੋਲੇਸ਼ਨ ਵਾਰਡ ’ਚ ਪਿੰਡ ਵਾਸੀਆਂ ਤੋਂ ਦੂਰ ਰੱਖਿਆ ਜਾਏਗਾ।
ਸਰਪੰਚ ਪੱਲਵੀ ਠਾਕੁਰ ਨੇ ਦੱਸਿਆ ਕਿ ਭਾਵੇਂ ਪਿੰਡ ’ਚ ਕੋਈ ਖਤਰੇ ਵਾਲੀ ,ਸਥਿਤੀ ਨਹੀਂ ਫਿਰ ਵੀ ਪੰਚਾਇਤ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਇਸ ਬਿਮਾਰੀ ਨੂੰ ਹਰਾਉਣ ਲਈ ਲੋਕਾਂ ਨੂੰ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਰਸ਼ਾਈ ਹਰ ਤਰਾਂ ਦੀ ਸਾਵਧਾਨੀ ਅਪਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਭਵਿੱਖ ’ਚ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਲਈ ਆਈਸੋਲੇਸ਼ਨ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੰਚਾਇਤ ਕੋਵਿਡ-19 ਨਾਲ ਨਿਜੱਠਣ ਲਈ ਮੁਕੰਮਲ ਸਾਵਧਾਨੀ ਵਰਤ ਰਹੀ ਹੈ ।
ਸਰਪੰਚ ਪੱਲਵੀ ਠਾਕੁਰ ਨੇ ਦੱਸਿਆ ਕਿ ਸਿਹਤ ਮਾਹਿਰਾਂ ਦੀ ਇਹ ਹਦਾਇਤ ਵੀ ਪਿੰਡ ਵਾਸੀਆਂ ਨੂੰ ਸਮਝਾਈ ਜਾ ਰਹੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਾਫੀ ਦਿਨਾਂ ਖਾਂਸੀ ਜਾਂ ਬੁਖਾਰ ਹੋਵੇ ਤਾਂ ਉਸ ਨੂੰ ਤੁਰੰਤ ਆਪਣਾ ਮੈਡੀਕਲ ਨਿਰੀਖਣ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਤਰਾਂ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਆਪਣੇ ਇਲਾਜ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਭੜੱਕੇ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਥਾਂਵਾਂ ਤੋਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬਿਮਾਰੀ ਅਸਾਨੀ ਨਾਲ ਪੁੱਜ ਜਾਂਦੀ ਹੈ।
ਪਿੰਡ ਹਾੜਾ ਤੋਂ ਸੇਧ ਲੈਣ ਦੀ ਜਰੂਰਤ
ਬੁੱਧੀਜੀਵੀ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ.ਸ਼ਿਆਮ ਸੁੰਦਰ ਦੀਪਤੀ ਦਾ ਕਹਿਣਾ ਸੀ ਕਿ ਆਮ ਤੌਰ ਤੇ ਪਿੰਡਾਂ ’ਚ ਸਿਆਸੀ ਵੰਡੀਆਂ ਡੂੰਘੀਆਂ ਹੁੰਦੀਆਂ ਹਨ ਪਰ ਖੁਸ਼ੀ ਦੀ ਗੱਲ ਹੈ ਕਿ ਪਿੰਡ ਹਾੜਾ ਵਾਸੀ ਪੰੰਚਾਇਤ ਦੀ ਅਗਵਾਈ ਹੇਠ ਹੋਰਨਾਂ ਲਈ ਮਿਸਾਲ ਕਾਇਮ ਕਰਨ ਅੱਗੇ ਹਨ। ਉਨਾਂ ਆਖਿਆ ਕਿ ਪਿੰਡ ਵਾਸੀਆਂ ਵੱਲੋਂ ਚੁੱਕੇ ਕਦਮਾਂ ਅਤੇ ਕੀਤੀ ਜਾ ਰਹੀ ਪਹਿਰੇਦਾਰੀ ਕਾਰਨ ਅੱਜ ਪਿੰਡ ’ਚ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਪਿੰਡ ਹਾੜਾ ਨੇ ਸਿਆਣਪ ਦਿਖਾਈ ਹੈ ਜੋਕਿ ਵੱਡੀ ਗੱਲ ਹੈ। ਉਨਾਂ ਆਖਿਆ ਕਿ ਇਸ ਪਿੰਡ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਵੀ ਸੇਧ ਲੈਣ ਦੀ ਜਰੂਰਤ ਹੈ।