ਹਰੀਸ਼ ਕਾਲੜਾ
- ਮੰਡੀਆਂ ਵਿੱਚ ਫਸਲ ਲਿਆਉਣ ਲਈ ਕਿਸਾਨਾਂ ਨੂੰ ਆੜਤੀਆਂ ਵੱਲੋਂ ਦਿਨ/ਤਾਰੀਖ ਅਤੇ ਖਰੀਦ ਮੰਡੀ ਸਬੰਧੀ ਜਾਰੀ ਕੀਤਾ ਜਾਵੇਗਾ ਟੋਕਨ
- ਟੋਕਨ ਤੋਂ ਬਿਨ੍ਹਾਂ ਕਿਸੇ ਕਿਸਾਨ ਨੂੰ ਫਸਲ ਲੈ ਕੇ ਮੰਡੀ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਦਾਖਲ
ਰੂਪਨਗਰ, 10 ਅਪ੍ਰੈਲ 2020 - ਕਣਕ ਦੀ ਖਰੀਦ ਸਬੰਧੀ ਜ਼ਿਲ੍ਹੇ ਦੇ ਤਿੰਨ ਚਾਰ ਪਿੰਡਾਂ ਪਿੱਛੇ ਇੱਕ ਮੰਡੀ ਤਿਆਰ ਕੀਤੀ ਗਈ ਹੈ। ਪਹਿਲਾਂ ਜ਼ਿਲ੍ਹੇ ਦੇ ਵਿੱਚ 23 ਮੰਡੀਆਂ ਸਨ ਹੁਣ ਵਧਾ ਕੇ 47 ਮੰਡੀਆਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 15 ਅਪ੍ਰੈਲ ਤੋਂ ਲੈ ਕੇ 15 ਜੂਨ ਤੱਕ ਕਣਕ ਦੀ ਖਰੀਦ ਕੀਤੀ ਜਾਵੇਗੀ, ਤਾਂ ਜ਼ੋ ਕਣਕ ਦੀ ਖਰੀਦ ਪ੍ਰਕਿਰਿਆ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ ਅਤੇ ਸ਼ੋਸ਼ਲ ਡਿਸਟੈਂਸ ਨੂੰ ਮੈਨਟੇਨ ਕੀਤਾ ਜਾ ਸਕੇ।
ਕੋਰੋਨਾ ਮਹਾਂਮਾਰੀ ਦੇ ਚਲਦਿਆ ਮੰਡੀਆਂ ਵਿੱਚ ਭੀੜ ਘਟਾਉਣ ਲਈ ਮਾਰਕਿਟ ਕਮੇਟੀ ਸਬੰਧਤ ਆੜਤੀਆਂ ਨੂੰ ਇੱਕ ਹੋਲੋਗ੍ਰਾਮ ਲੱਗਿਆ ਟੋਕਨ ਜਾਰੀ ਕਰੇਗੀ ਜਿਸ ਉੱਤੇ ਕਿਸਾਨ ਵੱਲੋਂ ਕਣਕ ਲਿਆਉਣ ਸਬੰਧੀ ਦਿਨ/ਤਾਰੀਖ ਅਤੇ ਖਰੀਦ ਮੰਡੀ ਨਿਸ਼ਚਿਤ ਕੀਤੀ ਗਈ ਹੋਵੇਗੀ। ਜ਼ੋ ਕਿ ਬਾਅਦ ਵਿੱਚ ਆੜਤੀਏ ਵੱਲੋਂ ਸਬੰਧਿਤ ਕਿਸਾਨਾਂ ਨੂੰ ਜਾਰੀ ਕੀਤਾ ਜਾਵੇਗਾ। ਜ਼ਿਹੜੇ ਕਿਸਾਨਾਂ ਕੋਲ ਮੰਡੀ ਬੋਰਡ ਵੱਲੋਂ ਜਾਰੀ ਕੀਤਾ ਗਿਆ ਟੋਕਨ ਨਹੀਂ ਹੋਵੇਗਾ, ਉਨ੍ਹਾਂ ਨੂੰ ਮੰਡੀ ਵਿੱਚ ਫਸਲ ਲੈ ਕੇ ਆਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਟੋਕਨ ਜਾਰੀ ਕਰਨ ਲਈ ਆੜਤੀਏ ਆਪਣੇ ਕਿਸਾਨਾਂ ਨਾਲ ਸੰਪਰਕ ਕਰਨਗੇ ਅਤੇ ਆੜਤੀਏ ਵੱਲੋਂ ਕਿਸਾਨਾਂ ਨੂੰ ਜਿਹੜਾਂ ਟੋਕਨ ਜਾਰੀ ਕੀਤਾ ਜਾਵੇਗਾ ਉਸ ਉੱਤੇ ਇੱਕ ਟਰਾਲੀ ਤੇ ਕੇਵਲ ਇੱਕ ਵਿਅਕਤੀ ਨੂੰ ਹੀ ਮੰਡੀ ਵਿੱਚ ਫਸਲ ਲੈ ਕੇ ਆਉਣ ਦੀ ਇਜ਼ਾਜਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿੱਚ ਸਵੇਰੇ 08 ਤੋਂ 12 ਵਜੇ ਤੱਕ ਕਣਕ ਲਿਆਂਦੀ ਜਾਵੇਗੀ। ਇਸ ਤੋਂ ਬਾਅਦ ਕੋਈ ਵੀ ਟਰਾਲੀ ਮੰਡੀ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ।
ਦੁਪਹਿਰ 12 ਤੋਂ 04 ਵਜੇਂ ਤੱਕ ਮੰਡੀ ਦੀ ਸਫਾਈ ਅਤੇ ਬਾਰਦਾਨੇ ਦੀ ਸਿਲਾਈ ਦਾ ਕੰਮ ਹੋਵੇਗਾ। ਇਸ ਦੇ ਨਾਲ 04.00 ਤੋਂ 6.30 ਵਜੇ ਤੱਕ ਕਣਕ ਦੀ ਨਾਲ ਨਾਲ ਹੀ ਲਿਫਟਿੰਗ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤਹਿ ਕੀਤੇ ਗਏ ਸਮੇਂ ਅਨੁਸਾਰ ਕਣਕ ਦੀ ਲਿਫਟਿੰਗ ਨਹੀਂ ਹੁੰਦੀ ਤਾਂ ਆੜਤੀਏ ਵੱਲੋਂ ਅਗਲੇ ਦਿਨ ਲਈ ਕਿਸੇ ਹੋਰ ਕਿਸਾਨ ਨੂੰ ਟੋਕਨ ਜਾਰੀ ਕਰਨ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਖਰੀਦੀ ਗਈ ਕਣਕ ਦੀ ਪੈਮੈਂਟ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਆਰ.ਟੀ.ਜੀ.ਐਸ ਰਾਹੀ ਜਮ੍ਹਾਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਛੋਟੇ ਕਿਸਾਨਾਂ ਦੀ ਆਰਥਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਆੜਤੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਛੋਟੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਟੋਕਨ ਜਾਰੀ ਕੀਤੇ ਜਾਣ ਤਾਂ ਜ਼ੋ ਛੋਟੇ ਕਿਸਾਨਾਂ ਦਾ ਆਰਥਿਕ ਸੰਤੁਲਨ ਬਣਿਆ ਰਹੇ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਲਿਆ ਟੌਕਨ ਜੇਕਰ ਨਿਧਾਰਿਤ ਸਮੇਂ/ਤਰੀਖ ਤੱਕ ਨਹੀਂ ਵਰਤਿਆ ਜਾਂਦਾ ਤਾਂ ਉਸ ਟੋਕਨ ਨੂੰ ਰੱਦ ਸਮਝਿਆ ਜਾਵੇਗਾ। ਟੋਕਨ ਦੀ ਫੋਟੋਕਾਪੀ , ਸਕੈਨ ਕਾਪੀ ਅਤੇ ਵੱਟਸਐਪ ਰਾਂਹੀ ਮੰਡੀ ਵਿੱਚ ਲੈ ਕੇ ਆਉਣ ਦੀ ਇਜ਼ਾਜਤ ਨਹੀਂ ਹੋਵੇਗੀ। ਜੇਕਰ ਕਿਸੇ ਕਿਸਾਨ ਕੋਲ ਜਾਅਲੀ ਟੌਕਨ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਪਿੰਡਾਂ ਦੇ ਵਿੱਚ ਮਨਨਰੇਗਾ ਵਾਲੀ ਲੇਬਰ ਨੂੰ ਕੰਮ ਦੇਣ।
ਕਿਸੇ ਵੀ ਤਰ੍ਹਾਂ ਦੀ ਬਾਹਰਲੀ ਲੇਬਰ ਤੇ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਸ਼ੋਸ਼ਲ ਡਿਸਟੈਂਸ ਨੂੰ ਮੈਨਟੈਂਨ ਕਰਨ ਲਈ ਕਣਕ ਦੀਆਂ ਢੇਰੀਆਂ ਦੇ 30 " 30 ਸ਼ਾਇਜ਼ ਦੇ ਬਲਾਕ ਬਣਾਏ ਜਾਣਗੇ। ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਲੇਬਰ ਨੂੰ ਕੋਵਿਡ 19 ਵਾਇਰਸ ਤੋਂ ਬਚਾਉਣ ਲਈ ਮਾਸਕ ਅਤੇ ਸੈਨੀਟਾਇਜ਼ਰ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਆਪਣੇ ਦੁਕਾਨ/ਆੜਤ ਦੇ ਬਾਹਰ ਵਿਸ਼ੇਸ਼ ਤੌਰ ਤੇ ਸਾਫ ਪਾਣੀ ਅਤੇ ਸਾਬਣ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਅਤੇ ਸੈਨੀਟਾਇਜ਼ਰ ਪ੍ਰਕਿਰਿਆ ਨੂੰ ਵੀ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਐਟਰਏਸ ਦੇ ਸਮੇਂ ਸਿਹਤ ਵਿਭਾਗ ਵੱਲੋਂ ਸਿਹਤ ਚੈਕਅੱਪ ਕੀਤਾ ਜਾਵੇਗੀ।
ਆੜਤੀਏ ਇਸ ਗੱਲ ਦਾ ਧਿਆਨ ਰੱਖਣਗੇ ਕਿ ਜੇਕਰ ਮੰਡੀ ਵਿੱਚ ਆਉਣ ਵਾਲੇ ਕਿਸੇ ਕਿਸਾਨ / ਲੇਬਰ ਵਿੱਚ ਕਰੋਨਾ ਵਾਇਰਸ ਸਬੰਧੀ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਦੇ ਲਈ ਬਾਰਦਾਨਾ ਅਤੇ ਜ਼ਰੂਰੀ ਪ੍ਰਬੰਧ ਮੁਕੰਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸ਼ੋਸ਼ਲ ਡਿਸਟੈਂਸ ਮੈਨਟੇਂਨ ਕਰਨ ਦੇ ਨਾਲ ਨਾਲ ਖਰੀਦ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ।