ਹਰਿੰਦਰ ਨਿੱਕਾ
- ਰੰਗਰਲੀਆਂ ਮਨਾਉਣ ਦੀ ਤਿਆਰੀ ਕਰਦੇ ਪੁਲਿਸ ਵਾਲੇ ਨੂੰ ਗੈਰ ਔਰਤ ਸਣੇ ਲੋਕਾਂ ਨੇ ਕੋਠੀ ਬੰਦ 'ਚ ਕਰਕੇ ਕੀਤਾ ਪੁਲਿਸ ਹਵਾਲੇ
- ਲੋਕਾਂ ਦੇ ਰੋਹ ਦਾ ਮੌਕੇ ਤੇ ਪਹੁੰਚੀ ਪੁਲਿਸ ਨੂੰ ਵੀ ਕਰਨਾ ਪਿਆ ਸਾਹਮਣਾ
- ਪੁਲਿਸ ਕਰਮਚਾਰੀ ਸਸਪੈਂਡ, ਮਾਮਲੇ ਦੀ ਜਾਂਚ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ - ਡੀਐਸਪੀ ਛਿੱਬਰ
ਬਰਨਾਲਾ, 10 ਅਪਰੈਲ 2020 - ਕੋਰੋਨਾ ਦੀ ਮਹਾਂਮਾਰੀ ਕਰਕੇ ਲਾਗੂ ਲੌਕਡਾਉਣ ਕਾਰਣ ਲੋਕ ਦੇ ਘਰਾਂ ਵਿੱਚ ਬੰਦ ਹੋਣ ਦਾ ਫਾਇਦਾ ਉਠਾਉਣ ਦੀ ਨੀਯਤ ਨਾਲ ਇੱਕ ਗੈਰ ਔਰਤ ਨਾਲ ਰੰਗਰਲੀਆਂ ਮਨਾਉਣ ਦੀ ਤਿਆਰੀ ਕਰਦੇ ਇੱਕ ਪੁਲਿਸ ਕਰਮਚਾਰੀ ਨੂੰ ਮੁਹੱਲੇ ਦੇ ਲੋਕਾਂ ਨੇ ਘੇਰ ਕੇ ਕਮਰੇ ਵਿੱਚ ਹੀ ਬੰਦ ਕਰ ਲਿਆ। ਪਰੰਤੂ ਪੁਲਿਸ ਕਰਮਚਾਰੀ ਲੋਕਾਂ ਤੇ ਵਰਦੀ ਦਾ ਰੋਹਬ ਝਾੜਦਾ ਹੋਇਆ, ਉਥੋਂ ਖਿਸਕ ਗਿਆ, ਤੇ ਔਰਤ ਨੂੰ ਕਮਰੇ 'ਚ ਹੀ ਜਿੰਦਾ ਲਾ ਕੇ ਚਲਾ ਗਿਆ। ਲੋਕਾਂ ਨੇ ਕਰਮਚਾਰੀ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ ਸਿਟੀ 2 ਦੀ ਪੁਲਿਸ ਨੇ ਪੁਲਿਸ ਕਰਮਚਾਰੀ ਦੇ ਪਲਾਟ ਚ, ਬਣੇ ਕਮਰੇ ਵਿੱਚ ਬੰਦ ਔਰਤ ਨੂੰ ਬਾਹਰ ਕੱਢ ਕੇ ਹਿਰਾਸਤ ਵਿੱਚ ਲੈ ਲਿਆ।
ਸਿਰਫ ਹਿਰਾਸਤ ਵਿੱਚ ਲੈਣ ਨਾਲ ਹੀ ਭੜ੍ਹਕੇ ਲੋਕ ਸ਼ਾਂਤ ਨਹੀ ਹੋਏ। ਲੋਕਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪਰ ਪੁਲਿਸ ਵੱਲੋਂ ਮਾਮਲੇ ਦੇ ਵੈਰੀਫਾਈ ਕਰਨ ਦੀ ਗੱਲ ਸੁਣਨ ਤੇ ਲੋਕਾਂ 'ਚ ਰੋਹ ਹੋਰ ਫੈਲ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੂੰ ਵੀ ਲੋਕਾਂ ਤੋਂ ਕਾਫੀ ਖਰੀਆਂ-ਖਰੀਆਂ ਸੁਨਣ ਨੂੰ ਮਿਲੀਆਂ। ਆਖਿਰ ਪੁਲਿਸ ਟੀਮ ਮੁਲਜ਼ਮ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਔਰਤ ਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਗਈ।
ਕਰਫਿਊ ਦੇ ਦੌਰਾਨ ਇਹ ਘਟਨਾ ਬਰਨਾਲਾ ਹੰਡਿਆਇਆ ਰੋਡ 'ਤੇ ਸਥਿਤ ਫੌਜੀ ਦੀ ਚੱਕੀ ਦੇ ਨਜ਼ਦੀਕ ਪੈਂਦੀ ਪੂਹਲਾ ਬਸਤੀ ਵਿੱਚ ਵਾਪਰੀ। ਐਸਐਚਉ ਹਰਸਿਮਰਨ ਸਿੰਘ ਨੂੰ ਜਦੋਂ ਪੁਲਿਸ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਕਰਨ ਬਾਰੇ ਪੁੱਛਿਆ ਤਾਂ ਉਹ ਘਟਨਾ 'ਤੇ ਇਹ ਕਹਿ ਕੇ ਪਰਦਾ ਪਾਉਂਦੇ ਨਜ਼ਰ ਆਏ ਕਿ ਚਲੋ ਛੱਡੋ ਯਾਰ, ਉਨ੍ਹਾਂ ਦੇ ਘਰ ਦਾ ਮਾਮਲਾ ਹੈ। ਉਧਰ ਪੁਲਿਸ ਡੀਐਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਪੁਲਿਸ ਕਰਮਚਾਰੀ ਸੁਖਦੇਵ ਸਿੰਘ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਉਚਿਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ।