ਹਰਿੰਦਰ ਨਿੱਕਾ
- ਕਣਕ ਦੇ ਮੰਡੀਕਰਨ ਤੇ ਰਾਹਤ ਕਾਰਜਾਂ 'ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣਗੇ ਪੂਰਾ ਸਹਿਯੋਗ: ਸ਼ੇਰਗਿੱਲ
ਸੰਗਰੂਰ, 11 ਅਪ੍ਰੈਲ 2020 - ਲੈਫ਼ਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ (ਪੀਵੀਐਸਐਮ), ਸੀਨੀਅਰ ਵਾਇਸ ਚੇਅਰਮੈਨ ਜੀਓਜੀ ਅਤੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਨੇ ਦੱਸਿਆ ਹੈ ਕਿ ਖੁਸ਼ਹਾਲੀ ਦੇ ਰਾਖੇ ਕੋਵਿਡ-19 ਖਿਲਾਫ ਵਿੱਢੀ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਅਗਾਮੀ ਕਣਕ ਦੇ ਮੰਡੀਕਰਨ ਅਤੇ ਹੋਰ ਰਾਹਤ ਕਾਰਜ ਵਿਚ ਵੀ ਖੁਸ਼ਹਾਲੀ ਦੇ ਰਾਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਉਨ੍ਹਾਂ ਅੱਜ ਇੱਥੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ, ਐਸ.ਐਸ.ਪੀ. ਡਾ. ਸੰਦੀਪ ਗਰਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਲੈ. ਜਨਰਲ ਟੀ ਐਸ ਸ਼ੇਰਗਿੱਲ ਨੇ ਦੱਸਿਆ ਕਿ ਕਣਕ ਦੀ ਵਾਢੀ ਅਤੇ ਇਸਦੇ ਮੰਡੀਕਰਨ ਦੌਰਾਨ ਕਿਸਾਨ ਵੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ , ਇਸ ਲਈ ਖੁਸ਼ਹਾਲੀ ਦੇ ਰਾਖੇ ਪਿੰਡਾਂ ਵਿਚ ਪੂਰੀ ਚੌਕਸੀ ਰੱਖਣਗੇ ਅਤੇ ਜੇਕਰ ਲੋਕਾਂ ਨੂੰ ਕੋਈ ਮੁਸ਼ਕਿਲ ਹੋਵੇਗੀ ਤਾਂ ਤੁਰੰਤ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣਗੇ ਤਾਂ ਜੋ ਬਿਨਾਂ ਦੇਰੀ ਕਿਸਾਨਾਂ ਦੀਆਂ ਮੁਸਕਿਲਾਂ ਦਾ ਹੱਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਸਾਡੇ ਸਭ ਲਈ ਇਕ ਚੁਣੌਤੀ ਹੈ ਅਤੇ ਅਸੀਂ ਚੜ੍ਹਦੀ ਕਲਾ ਅਤੇ ਜਿੱਤ ਦਾ ਜਜ਼ਬਾ ਮਨ ਵਿਚ ਲੈ ਕੇ ਇਸ ਤੇ ਫਤਿਹ ਪਾਉਣੀ ਹੈ।
ਉਨ੍ਹਾਂ ਨੇ ਜੀਓਜੀ ਦੇ ਜ਼ਿਲ੍ਹਾ ਮੁਖੀ ਨੂੰ ਹਦਾਇਤ ਕੀਤੀ ਕਿ ਸਮੂਹ ਖੁਸ਼ਹਾਲੀ ਦੇ ਰਾਖੇ ਇਸ ਦੌਰਾਨ ਪਿੰਡਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਜ਼ਰੂਰੀ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਅਤੇ ਨਾਲ ਹੀ ਚੱਲ ਰਹੇ ਰਾਹਤ ਕਾਰਜਾਂ ਵਿਚ ਵੀ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਰਾਹੀਂ ਕਣਕ ਦੀ ਵੰਡ, ਪੈਨਸ਼ਨਾਂ ਅਤੇ ਹੋਰ ਲੋਕ ਕਲਿਆਣਕਾਰੀ ਸਕੀਮਾਂ ਤਹਿਤ ਰਕਮਾਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਪਾਈਆਂ ਗਈਆਂ ਹਨ। ਅਜਿਹੇ ਵਿਚ ਜੀਓਜੀ ਲਾਭਪਾਤਰੀਆਂ ਨੂੰ ਜਾਗਰੂਕ ਵੀ ਕਰਨ ਕਿ ਇਹ ਸੁਵਿਧਾਵਾਂ ਪ੍ਰਾਪਤ ਕਰਦੇ ਸਮੇਂ ਲੋਕ ਸਮਾਜਿਕ ਦੂਰੀ ਦੇ ਸਿਧਾਂਤ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਨਾਲ ਹੀ ਹਰੇਕ ਯੋਗ ਵਿਅਕਤੀ ਤੱਕ ਸਰਕਾਰੀ ਮਦਦ ਦੀ ਪਹੁੰਚ ਵੀ ਯਕੀਨੀ ਹੋਵੇ।
ਲੈ: ਜਨਰਲ ਟੀਐਸ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਜੀਓਜੀ ਦੇ ਕੰਮ ਨੂੰ ਹੋਰ ਪ੍ਰਭਾਵੀ ਕਰਨ ਲਈ ਆਨਲਾਈਨ ਪੋਰਟਲ ਨੂੰ ਹੋਰ ਸਮਰੱਥ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਦੇ ਦੂਰ-ਦਰਾਡੇ ਦੇ ਪਿੰਡਾਂ ਤੋਂ ਸਾਡੇ ਖੁਸ਼ਹਾਲੀ ਦੇ ਰਾਖੇ ਤੁਰੰਤ ਆਪਣੀ ਰਿਪੋਰਟ ਸਿੱਧੇ ਆਪਣੇ ਇਲਾਕੇ ਦੇ ਐਸ.ਡੀ.ਐਮ., ਡਿਪਟੀ ਕਮਿਸ਼ਨਰ ਤੋਂ ਇਲਾਵਾ ਉਨ੍ਹਾਂ ਨੂੰ ਅਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਭੇਜ ਸਕਦੇ ਹਨ। ਇਸ ਨਾਲ ਲੋਕ ਮਸਲਿਆਂ ਦੇ ਤੇਜੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ।
ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ 2 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਹੈ। ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਵਿਰੁੱਧ ਵੀ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਸ੍ਰੀ ਟੀ.ਐਸ. ਸ਼ੇਰਗਿੱਲ ਦੇ ਸ੍ਰੀ ਕਰਨਵੀਰ ਸਿੰਘ ਓਐਸਡੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿਰਪਾਠੀ ਅਤੇ ਜੀ.ਓ.ਜੀ. ਦੇ ਜ਼ਿਲ੍ਹਾ ਮੁਖੀ ਧਨਵੀਰ ਸਿੰਘ ਸਿੱਧੂ ਵੀ ਹਾਜ਼ਰ ਸਨ।