ਦੇਵਾ ਨੰਦ ਸ਼ਰਮਾ
- 51 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ,1 ਦੀ ਰਿਪੋਰਟ ਆਉਣੀ ਬਾਕੀ
ਫਰੀਦਕੋਟ, 11 ਅਪ੍ਰੈਲ 2020 - ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜ਼ਿਲ੍ਹੇ ਅੰਦਰ ਕੋਵਿਡ -19 ਦੀ ਮਹਾਂਮਾਰੀ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਜ਼ਿਲ੍ਹੇ ਅੰਦਰ ਪੋਜ਼ੇਟਿਵ ਆਏ 2 ਕੇਸਾਂ ਦੇ ਰਿਹਾਇਸ਼ੀ ਖੇਤਰ ਦਾ ਸਰਵੇ, ਸ਼ੱਕੀ ਮਰੀਜਾਂ ਦੀ ਮੈਡੀਕਲ ਸਕਰੀਨਿੰਗ ਅਤੇ ਸੈਂਪਲ ਲੈਣ ਸਬੰਧੀ ਸਰਗਰਮੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।ਸਥਾਨਕ ਸਿਵਲ ਹਸਪਤਾਲ ਵਿਖੇ ਸ.ਅਵਤਾਰ ਸਿੰਘ ਬਰਾੜ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੈਨੇਟਾਈਜ਼ਰ ਹੱਟ ਸਥਾਪਿਤ ਕੀਤੀ ਗਈ ਹੈ ਤਾਂ ਜੋ ਹਸਪਤਾਲ ਵਿਖੇ ਹਰ ਆਉਣ ਜਾਣ ਵਾਲਾ ਵਿਅਕਤੀ ਰੋਗਾਣੂ ਮੁਕਤ ਹੋ ਜਾਵੇ ਅਤੇ ਉਸਤੇ ਵਾਇਰਸ ਦਾ ਕੋਈ ਪ੍ਰਭਾਵ ਨਾ ਹੋਵੇ।ਜ਼ਿਲ੍ਹਾ ਫਰੀਦਕੋਟ ਦੇੇ 51 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਹੁਣ ਸਿਰਫ 1 ਸ਼ੈਪਲ ਦੇ ਨਤੀਜੇ ਆਉਣੇ ਬਾਕੀ ਹਨ।ਇਹ ਜਾਣਕਾਰੀ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਜਾਗਰੂਕ ਕਰਨ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਹੁਣ ਪੰਜਾਬ ਵਿਚ ਪਾਜ਼ੇਟਿਵ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਸਮੇਂ ਹਰ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਾਂ ਮਾਸਕ ਦੀ ਜਗ੍ਹਾ ਰੁਮਾਲ,ਚੁੰਨੀ ਜਾਂ ਪਰਨਾ ਵੀ ਮੁੰਹ ਤੇ ਲਪੇਟਿਆ ਜਾ ਸਕਦਾ ਹੈ।ਉਨ੍ਹਾਂ ਸਮਾਜਿਕ ਦੂਰੀ ਬਣਾ ਕਿ ਰੱਖਣ ਅਤੇ ਘਰ ਰਹੋ ਸੁਰੱਖਿਅਤ ਰਹੋ ਦੀ ਅਪੀਲ ਵੀ ਕੀਤੀ।