ਅਸ਼ੋਕ ਵਰਮਾ
ਬਠਿੰਡਾ,11 ਅਪਰੈਲ 2020 - ਚਿੱਟ ਫੰਡ ਕੰਪਨੀਆਂ ਵੱਲੋਂ ਮਾਰੀਆਂ ਠੱਞੀਆਂ: ਖਿਲਾਫ ਲੜਾਈ ਲੜ ਰਹੀ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਪ੍ਰੈਸ ਬਿਆਨ ਰਾਹੀ ਆਖਿਆ ਹੈ ਕਿ ਸਰਕਾਰ ਵਲੋ ਲੋਕਾਂ ਨੂੰ ਲਾਕ ਡਾਉਨ ਵਿਚ ਰਹਿਣ ਦਾ ਤਾ ਆਦੇਸ਼ ਦੇ ਦਿਤਾ ਪਰ ਅਫਸੋਸ ਹਰ ਰੋਜ ਦਿਹਾੜੀ ਕਰ ਕੇ ਪੇਟ ਭਰਨ ਵਾਲ਼ੇ ਮਜ਼ਦੂਰਾਂ ਅਤੇ ਮੁਲਾਜਮਾਂ ਬਾਰੇ ਕੁਝ ਨਹੀ ਸੋਚਿਆ ਹੈ। ਉਨਾਂ ਆਖਿਆ ਕਿ ਪ੍ਰਸ਼ਾਸ਼ਨ ਬਿਆਨ ਤਾ ਬਹੁਤ ਵੱਡੇ ਵੱਡੇ ਦੇ ਰਿਹਾ ਹੈ ਪਰ ਗਰੀਬ ਲੋਕਾਂ ਤਕ ਕੁਝ ਨਹੀ ਪਹੁੰਚ ਸਕਿਆ ਹੈ।
ਸੰਧੂ ਨੇ ਦੱਸਿਆ ਕਿ ਸਾਡੀਆਂ ਸਰਕਾਰਾਂ ਨੂੰ ਦੋ ਮਹੀਨੇ ਪਹਿਲਾ ਪਤਾ ਲਗ ਗਿਆ ਸੀ ਕਿ ਕੋਰੋਨਾ ਕਾਫੀ ਦੇਸਾਂ ਵਿਚ ਫੈਲ ਚੁੱਕਾ ਹੈ ਪਰ ਕੋੲਂ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਆਖਿਆ ਕਿ ਸਰਕਾਰਾਂ ਵੱਲੋਂ ਅਗਾਊ ਪ੍ਰਬੰਧ ਕੀਤੇ ਬਿਨਾਂ ਲਾਏ ਕਰਫਿਊ ਤੇ ਲਾਕਡਾਊਨ ਕਾਰਨ ਜਿੱਥੇ ਰੋਜਾਨਾ ਕਮਾਕੇ ਖਾਣ ਵਾਲਿਆਂ ਲਈ ਦੋ ਡੰਗ ਦਾ ਚੁਲਾ ਤਪਦਾ ਰੱਖਣਾ ਮੁਹਾਲ ਹੋ ਗਿਆ ਹੈ ਉੱਥੇ ਆਮ ਲੋਕਾਂ ਨੂੰ ਅਣਸਰਦੀਆਂ ਲੋੜਾਂ ਲਈ ਘਰਾਂ ’ਚੋਂ ਬਾਹਰ ਨਿਕਲਣ ’ਤੇ ਪੁਲਿਸ ਸਖਤੀ ਕਾਰਨ ਬੇਹੱਦ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਮਰੀਜ਼ ਦੇ ਇਲਾਜ ਲਈ ਦਵਾਈਆਂ ਤੋਂ ਇਲਾਵਾ ਉਸ ਨੂੰ ਮਨੁੱਖੀ ਹਮਦਰਦੀ ਅਤੇ ਸਹਾਇਤਾ ਦੀ ਭਾਰੀ ਲੋੜ ਹੁੰਦੀ ਹੈ, ਪਰ ਬਣਦਾ ਰੋਲ ਨਹੀਂ ਨਿਭਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਰੋਨਾ ਦੇ ਟਾਕਰੇ ਲਈ ਮੈਡੀਕਲ ਸਟਾਫ਼ ਦੀ ਵੱਡੇ ਪੱਧਰ ’ਤੇ ਭਰਤੀ ਕਰਨ, ਸਿਹਤ ਕਰਮੀਆਂ ਲਈ ਜ਼ਰੂਰੀ ਬਚਾਓ ਕਿੱਟਾਂ ਦਾ ਪ੍ਰਬੰਧ ਕਰਨ ਤੇ ਵੈਂਟੀਲੇਟਰ ਆਦਿ ਲੋੜਾਂ ਦੀ ਪੂਰਤੀ ਕਰਨ, ਲੋਕਾਂ ਲਈ ਖਾਧ ਖੁਰਾਕ ਦੇ ਪ੍ਰਬੰਧ ਤੋਂ ਕਿਨਾਰਾ ਕਰਨਾ ਸਹੀ ਨਹੀਂ ਹੈ।
ਉਨਾਂ ਕਿਹਾ ਕਿ ਪਿੰਡਾ ਅਤੇ ਬਸਤੀਆ ਵਿਚ ਵਸਦੇ ਲੋਕ ਦੁਹਾਈਆਂ ਪਾ ਰਹੇ ਨੇ ਕਿਉਂਕਿ ਸਰਕਾਰ ਸੰਕਟ ਭਰੇ ਸਮੇ ਵਿਚ ਲੋਕਾਂ ਦੀ ਮਦਦ ਤੋ ਪਾਸਾ ਵਟ ਰਹੀ ਹੈ। ਓਹਨਾਂ ਇਸ ਸੰਕਟ ਭਰੇ ਸਮੇ ਤੇ ਲੋਕਾਂ ਦੀ ਮਦਦ ਕਰਨ ਵਾਲੀਆ ਸਮਾਜ ਸੇਵੀ ਸੰਸਥਾਵ ਦੇ ਆਗੂਆ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੰਜਮ ਤੋ ਕੰਮ ਲੈਣ ਅਤੇ ਪਰਹੇਜ਼ ਰੱਖਣ ਦੀ ਅਪੀਲ ਕੀਤੀ।