ਹਰਿੰਦਰ ਨਿੱਕਾ
- ਸਟੀਕਰਾਂ 'ਤੇ ਦਰਜ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ
ਸੰਗਰੂਰ, 11 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਜ਼ਿਲ੍ਹਾ ਭਰ ਵਿਚ ਕਰਫ਼ਿਊ ਲਾਇਆ ਗਿਆ ਹੈ। ਹਾੜ੍ਹੀ ਦੇ ਸੀਜ਼ਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਰਾਹੀਂ ਕਣਕ ਦੀ ਖਰੀਦ ਕਾਰਜ਼ਾਂ ਲਈ ਕਰਫ਼ਿਊ ਤੋਂ ਛੋਟ ਦਿੱਤੀ ਗਈ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਕਿਸਾਨ ਸਰਕਾਰ ਦੁਆਰਾ ਨਿਸ਼ਚਿਤ ਸਮੇਂ ਵਿਚ ਹੀ ਮੰਡੀ ਵਿਚ ਫ਼ਸਲ ਲਿਆ ਸਕਣਗੇ। ਇਸ ਦੌਰਾਨ ਸਮੂਹ ਸਕੱਤਰ ਮਾਰਕੀਟ ਕਮੇਟੀ ਆਪੋ ਆਪਣੇ ਖੇਤਰ ਨਾਲ ਸਬੰਧਤ ਆੜ੍ਹਤੀਆਂ ਨੂੰ ਹੋਲੋਗ੍ਰਾਮ ਵਾਲਾ ਸਟੀਕਰ ਜ਼ਾਰੀ ਕਰਨਗੇ। ਆੜ੍ਹਤੀਏ ਕਿਸਾਨਾਂ ਨੂੰ ਇਹ ਸਟੀਕਰ ਦੇਣਗੇ ਜਿੰਨ੍ਹਾਂ ਤੇ ਦਰਜ਼ ਮਿਤੀ ਅਨੁਸਾਰ ਕਿਸਾਨ ਮੰਡੀਆਂ ਵਿਚ ਫ਼ਸਲ ਲੈ ਕੇ ਆਉਣਗੇ। ਇਹ ਵੀ ਜ਼ਿਕਰਯੋਗ ਹੈ ਕਿ ਇੱਕ ਕੂਪਨ ਕੇਵਲ ਇੱਕ ਖੇਪ ਜਾਂ ਟਰਾਲੀ ਕਰੀਬ 50 ਕੁਇੰਟਲ ਲਈ ਹੀ ਵਰਤਿਆ ਜਾਵੇਗਾ।
ਥੋਰੀ ਨੇ ਦੱਸਿਆ ਕਿ ਸਾਰੇ ਲਾਇਸੰਸੀ ਆੜ੍ਹਤੀਏ ਖਰੀਦ ਦੀ ਪ੍ਰਕਿਰਿਆ ਦੌਰਾਨ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਜ਼ਾਰੀ ਸੈਨੇਟਰੀ ਪ੍ਰੋਟੋਕਾਲ ਤੇ ਸੁਰੱਖਿਆ ਪ੍ਰਕਿਰਿਆ ਦੀ ਪਾਲਣਾ ਯਕੀਨੀ ਬਣਾਉਣਗੇ। ਮਜ਼ਦੂਰਾਂ ਲਈ ਮਾਸਕ, ਸੈਨੇਟਾਈਜ਼ਰ ਅਤੇ ਇੱਕ ਮੀਟਰ ਦੀ ਸਮਾਜਿਕ ਦੂਰੀ ਯਕੀਨੀ ਬਣਾਉਣਾ ਸਬੰਧਤ ਆੜ੍ਹਤੀਏ ਦੀ ਜ਼ਿੰਮੇਵਾਰੀ ਹੋਵੇਗੀ। ਆੜ੍ਹਤੀਏ ਵੱਲੋਂ ਪਾਵਰ ਕਲੀਨਰ ਅਤੇ ਲੋੜੀਂਦੀ ਲੇਬਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਥੋਰੀ ਨੇ ਖਰੀਦ ਏਜੰਸੀਆਂ ਨੂੰ ਆਦੇਸ਼ ਜ਼ਾਰੀ ਕਰਦਿਆਂ ਕਿਹਾ ਕਿ ਏਜੰਸੀਆਂ ਦੇ ਸਮੂਹ ਕਰਮਚਾਰੀ ਮੰਡੀਆਂ ਵਿਚ ਮਾਸਕ ਅਤੇ ਸੈਨੇਟਾਇਜ਼ਰ ਦੀ ਵਰਤੋਂ ਕਰਨਗੇ। ਇਹ ਕਰਮਚਾਰੀ ਲੇਬਰ ਨੂੰ ਕੋਵਿਡ-19 ਤੋਂ ਬਚਾਅ ਲਈ ਸਮੇਂ ਸਮੇਂ ਸਿਰ ਟਰੇਨਿੰਗ ਦੇਣਗੇ। ਖਰੀਦ ਏਜੰਸੀਆਂ ਇਹ ਯਕੀਨੀ ਬਣਾਉਣਗੀਆਂ ਕਿ ਮੰਡੀਆਂ ਵਿੱਚ ਜ਼ਿਆਦਾ ਭੀੜ ਨਾ ਹੋਵੇ ਅਤੇ ਦਫ਼ਤਰਾਂ, ਕਣਕ ਭੰਡਾਰ ਆਦਿ ਤੇ ਸਾਫ਼ ਪੀਣ ਵਾਲੇ ਪਾਣੀ ਅਤੇ ਸਾਫ਼ ਸਫ਼ਾਈ ਆਦਿ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਮਾਰਕੀਟ ਕਮੇਟੀਆਂ ਮੰਡੀਆਂ ਵਿਚ ਬਾਥਰੂਮ, ਪਖਾਨੇ ਆਦਿ ਦੀ ਸਹੂਲਤ ਵੀ ਮੁਹੱਈਆ ਕਰਵਾਉਣਗੀਆਂ।