ਅਸ਼ੋਕ ਵਰਮਾ
ਬਠਿੰਡਾ 12 ਅਪ੍ਰੈਲ 2020 - ਇੱਕ ਪਾਸੇ ਲੋਕ ਦਿਨੋ ਦਿਨ ਫੈਲ ਰਹੀ ਕਰੋਨਾ ਮਹਾਂਮਾਰੀ ਦਾ ਸੰਤਾਪ ਹੰਢਾ ਰਹੇ ਹਨ ਦੂਜੇ ਪਾਸੇ ਪਹਿਲਾਂ ਹੀ ਸ਼ੂਗਰ, ਕੈਂਸਰ ਤੇ ਦਿਲ ਦੇ ਰੋਗਾਂ ਆਦਿ ਬਿਮਾਰੀਆਂ ਤੋਂ ਪੀੜਤ ਰੋਗੀਆਂ ਦੇ ਇਲਾਜ ਲਈ ਵੱਡੇ ਪੱਧਰ ’ਤੇ ਸਰਕਾਰੀ ਓ.ਪੀ.ਡੀ. ਬੰਦ ਹੋਣ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਹਰ ਕਿਸਮ ਦੇ ਰੋਗੀਆਂ ਦੇ ਇਲਾਜ ਤੋਂ ਕਿਨਾਰਾ ਕਰਨ ਸਦਕਾ ਲੋਕਾਂ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਇਸ ਸਮੁੱਚੀ ਹਾਲਤ ਨੂੰ ਮੁੱਖ ਰੱਖਦਿਆਂ ਭਾਰਤੀ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮੰਗ ਕੀਤੀ ਹੈ ਕਿ ਹੋਰਨਾਂ ਰੋਗੀਆਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ’ਚ ਓ.ਪੀ.ਡੀ. ਚਲਾਈ ਜਾਵੇ ਜਾਂ ਇਸਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਅਤੇ ਸਭਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲੈ ਕੇ ਇਹਨਾਂ ਹਸਪਤਾਲਾਂ ਦੇ ਡਾਕਟਰਾਂ ਤੇ ਸਮੱੁਚੇ ਢਾਂਚੇ ਨੂੰ ਕਰੋਨਾ ਤੇ ਹੋਰਨਾਂ ਰੋਗੀਆਂ ਦੇ ਇਲਾਜ ਲਈ ਵਰਤੋਂ ਵਿੱਚ ਲਿਆਂਦਾ ਜਾਵੇ।
ਦੋਹਾਂ ਜਥੇਬੰਦੀਆਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਇਹ ਮੰਗ ਕਰਦਿਆਂ ਆਖਿਆ ਕਿ ਸਰਕਾਰਾਂ ਦੀਆਂ ਨਿੱਜੀਕਰਨ ਵਾਲੀਆਂ ਨੀਤੀਆਂ ਦੇ ਸਿੱਟੇ ਵਜੋਂ ਸਰਕਾਰੀ ਸਿਹਤ ਸੰਸਥਾਵਾਂ ਦੇ ਮੁਕਾਬਲੇ ਪ੍ਰਾਈਵੇਟ ਹਸਪਤਾਲਾਂ ਕੋਲ ਕਿਤੇ ਵਧੇਰੇ ਸਹੂਲਤਾਂ ਮੌਜੂਦ ਹਨ ਜਿਹਨਾਂ ਨੂੰ ਇਸ ਸੰਕਟ ਦੇ ਦੌਰ ’ਚ ਲੋਕਾਂ ਲਈ ਵਰਤਣਾ ਬੇਹੱਦ ਜ਼ਰੂਰੀ ਹੈ। ਉਹਨਾਂ ਆਖਿਆ ਕਿ ਇਸ ਸਮੇਂ ਦੇਸ਼ ਵਿੱਚ ਕੁੱਲ 48500 ਦੇ ਕਰੀਬ ਵੈਂਟੀਲੇਟਰ ਮੌਜੂਦ ਹਨ ਜਿਹਨਾਂ ’ਚੋਂ 40000 ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ’ਚ ਹਨ ਤੇ ਸਰਕਾਰੀ ਹਸਪਤਾਲਾਂ ’ਚ ਮਹਿਜ 8500 ਦੇ ਲੱਗਭੱਗ ਵੈਂਟੀਲੇਟਰ ਹੀ ਮੌਜੂਦ ਹਨ।
ਉਹਨਾਂ ਆਖਿਆ ਕਿ ਸਾਡੇ ਦੇਸ਼ ਤੇ ਸੂਬੇ ਦੇ ਹਾਕਮ ਇਸ ਸੰਕਟ ਦੇ ਦੌਰ ਅੰਦਰ ਵੀ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਸਾਧਨਾਂ ਨੂੰ ਵਰਤਣ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਸਿਰਫ਼ ਕਰਫਿੳੂ ਤੇ ਲਾਕਡਾੳੂਨ ਮੜਕੇ ਹੀ ਲੋਕਾਂ ਨੂੰ ਕਰੋਨਾ ਦੇ ਪ੍ਰਕੋਪ ਤੋਂ ਨਹੀਂ ਬਚਾਇਆ ਜਾ ਸਕਦਾ, ਇਸ ਤੋਂ ਬਚਾਓ ਲਈ ਵੱਡੇ ਪੱਧਰ ’ਤੇ ਟੈਸਟਾਂ, ਵੈਂਟੀਲੇਟਰਾਂ, ਮਾਸਕਾਂ ਤੇ ਸੈਨੇਟਾਈਜ਼ਰਾਂ ਆਦਿ ਦੇ ਵਿਸ਼ਾਲ ਪੈਮਾਨੇ ’ਤੇ ਪ੍ਰਬੰਧ ਕਰਨ ਤੋਂ ਇਲਾਵਾ ਹੋਰਨਾਂ ਰੋਗਾਂ ਤੋਂ ਪੀੜਤ ਰੋਗੀਆਂ ਦੀ ਇਲਾਜ ਪ੍ਰਨਾਲੀ ਜਾਰੀ ਰੱਖਣ ਅਤੇ ਲੋਕਾਂ ਲਈ ਦੁੱਧ ਰਾਸ਼ਨ ਤੇ ਹੋਰਨਾਂ ਜ਼ਰੂਰੀ ਵਸਤਾਂ ਦੀ ਸਰਕਾਰੀ ਪੱਧਰ ’ਤੇ ਸਪਲਾਈ ਯਕੀਨੀ ਕਰਨਾ ਅਣਸਰਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਲੋੜਾਂ ਦੀ ਪੂਰਤੀ ਲਈ ਵੱਡੇ ਉਦਯੋਗਪਤੀਆਂ ਅਤੇ ਵੱਡੇ ਜਗੀਰਦਾਰਾਂ ਦੀ ਉੱਪਰਲੀ 5-7 ਫੀਸਦੀ ਪਰਤ ’ਤੇ ਮੋਟਾ ਟੈਕਸ ਲਾ ਕੇ ਤੁਰੰਤ ਵਸੂਲੀ ਕੀਤੀ ਜਾਵੇ। ਉਹਨਾਂ ਆਖਿਆ ਕਿ ਜੇਕਰ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਨਹੀਂ ਲਿਆ ਜਾਂਦਾ ਤੇ ਹੋਰਨਾਂ ਰੋਗਾਂ ਤੋਂ ਪੀੜਤਾਂ ਦਾ ਇਲਾਜ ਸ਼ੁਰੂ ਨਾ ਕੀਤਾ ਤਾਂ ਕਰੋਨਾ ਤੋਂ ਜ਼ਿਆਦਾ ਮੌਤਾਂ ਹੋਰਨਾਂ ਰੋਗਾਂ ਨਾਲ ਹੋਣਾ ਸੰਭਵ ਹੈ।