ਅਸ਼ੋਕ ਵਰਮਾ
- ਪੁਲਿਸ ਜਵਾਨਾਂ, ਡਾਕਟਰਾਂ ਅਤੇ ਰਾਸ਼ਨ ਪਹੁੰਚਾਉਣ ਵਾਲਿਆਂ ਨੂੰ ਥਾਪੀ
ਬਠਿੰਡਾ, 12 ਅਪ੍ਰੈਲ 2020 - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਡੀਜੀਪੀ ਨੂੰ ਸੁਝਾਅ ਦਿੱਤਾ ਹੈ ਕਿ ਪੁਲਿਸ ਫੋਰਸ ਦੀ ਨਫਰੀ ਨੂੰ ਮੁਲਾਜਮ ਕਹਿਣ ਦੀ ਬਜਾਏ ‘ਜਵਾਨ’ ਜਾਂ ‘ਸ਼ੇਰ’ ਕਿਹਾ ਜਾਵੇ ਕਿਉਂਕਿ ਆਪਣੇ ਸਮਾਜ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨ ਲਈ ਤਿਆਰ ਰਹਿਣ ਵਾਲੇ ਇਹ ਜਵਾਨ ਸਿਰਫ ਮੁਲਾਜ਼ਮ ਨਹੀਂ ਹੁੰਦੇ ਬਲਕਿ ਇੰਨਾਂ ਦਾ ਰੁਤਬਾ ਇਸਤੇ ਕਿਤੇ ਉੱਚਾ ਹੈ।
ਉਹ ਅੱਜ ਇੱਥੇ ਬਠਿੰਡਾ ਸ਼ਹਿਰ ਵਿਚ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਲਈ ਦਿਨ ਰਾਤ ਡਿਊਟੀ ਨਿਭਾਅ ਰਹੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਹੌਂਸਲਾ ਅਫਜਾਈ ਲਈ ਪੁਲਿਸ ਨਾਕਿਆਂ ਤੇ ਪੁੱਜੇ ਸਨ। ਸ: ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸਾਡੀ ਬਹਾਦਰ ਫੋਰਸ ਦੇ ਮਾਣ ਹੈ ਅਤੇ ਪਟਿਆਲਾ ਵਰਗੀਆਂ ਮੰਦਭਾਗੀਆਂ ਘਟਨਾਵਾਂ ਸਾਡੇ ਜਵਾਨਾਂ ਦੇ ਹੌਂਸਲੇ ਘੱਟ ਨਹੀਂ ਕਰ ਸਕਦੀਆਂ।
ਬਾਦਲ ਨੇ ਕਿਹਾ ਕਿ ਆਪਣੇ ਲੋਕਾਂ ਨੂੰ ਕੋਵਿਡ 19 ਤੋਂ ਬਚਾਉਣ ਲਈ ਸਾਡੀ ਪੁਲਿਸ ਫੋਰਸ ਦੇ ਜਵਾਨ ਸ਼ਖਤ ਡਿਊਟੀ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਇਹ ਸਾਡੇ ਪੂਰੇ ਸਮਾਜ ਲਈ ਚੁਣੌਤੀ ਦਾ ਸਮਾਂ ਹੈ ਅਤੇ ਨਾਗਰਿਕਾਂ ਨੂੰ ਵੀ ਪ੍ਰਸ਼ਾਸਨ ਅਤੇ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਬਿਮਾਰੀ ਨੂੰ ਪੈਸੇ ਨਾਲ ਨਹੀਂ ਰੋਕਿਆ ਜਾ ਸਕਦਾ ਬਲਕਿ ਇਸ ਨੂੰ ਫੈਲਣ ਤੋਂ ਰੋਕਣ ਦਾ ਇਕੋ ਤਰੀਕਾ ਘਰ ਰਹਿਣਾ ਹੈ।
ਇੱਕ ਸਵਾਲ ਦੇ ਜਵਾਬ ਵਿਚ ਖਜਾਨਾ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੋਵਿਡ 19 ਦੇ ਮੁਕਾਬਲੇ ਲਈ ਪੰਜਾਬ ਨੂੰ ਕੇਂਦਰ ਤੋਂ ਕੋਈ ਸਹਾਇਤਾ ਰਾਸ਼ੀ ਪ੍ਰਾਪਤ ਨਹੀਂ ਹੋਈ ਹੈ ਬਲਕਿ ਪਿੱਛਲੇ ਸਮੇਂ ਵਿਚ ਸੂਬੇ ਨੂੰ ਜੋ ਰਾਸ਼ੀ ਪ੍ਰਾਪਤ ਹੋਈ ਹੈ ਉਹ ਰਾਜ ਦੀਆਂ ਕੇਂਦਰ ਵੱਲ ਜੀਐਸਟੀ ਮੁਆਵਜਾ, ਮਾਲੀਆਂ ਘਾਟਾ ਗ੍ਰਾਂਟ ਅਤੇ ਆਫਤ ਰਾਹਤ ਫੰਡ ਦੀਆਂ ਬਕਾਇਆ ਗ੍ਰਾਂਟਾ ਹੀ ਹਨ। ਉਨਾਂ ਨੇ ਕਿਹਾ ਕਿ ਸੂਬੇ ਦੀਆਂ ਇੰਨਾਂ ਮੱਦਾਂ ਦਾ ਵੀ ਹਾਲੇ ਚਾਰ ਹੋਰ ਮਹੀਨਿਆਂ ਦਾ ਬਕਾਇਆਂ ਕੇਂਦਰ ਸਰਕਾਰ ਵੱਲ ਖੜਾ ਹੈ। ਪਰ ਨਾਲ ਹੀ ਉਨਾਂ ਨੇ ਦੁਹਰਾਇਆ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈ। ਉਨਾਂ ਨੇ ਕਿਹਾ ਕਿ ਜੇਕਰ ਫਿਲਹਾਲ ਕੇਂਦਰ ਸੂਬਿਆਂ ਦੀ ਸਹਾਇਤਾ ਕਰਨ ਵਿਚ ਅਸਮੱਰਥ ਹੈ ਤਾਂ ਅਸੀਂ ਭਾਰਤ ਸਰਕਾਰ ਦੀ ਮਜਬੂਰੀ ਨੂੰ ਸਮਝਦਿਆਂ ਆਪਣੇ ਪੱਧਰ ਤੇ ਸਥਿਤੀਆਂ ਨੂੰ ਨਜਿੱਠਣ ਲਈ ਕੰਮ ਕਰ ਰਹੇ ਹਾਂ।
ਕਣਕ ਦੀ ਖਰੀਦ ਸਬੰਧੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦਾ ਇਹ ਇਕ ਚੰਗਾ ਪੱਖ ਹੈ ਕਿ ਸਾਡੇ ਅਰਥਚਾਰੇ ਵਿਚ ਕਣਕ ਦੀ ਸਰਕਾਰੀ ਖਰੀਦ ਰਾਹੀਂ ਕੋਈ 25000 ਕਰੋੜ ਰੁਪਏ ਦਾ ਨਿਵੇਸ ਹੋਣ ਜਾ ਰਿਹਾ ਹੈ ਅਤੇ ਇਹ ਰਕਮ ਸਾਡੀ ਅਰਥਾਕਿਤਾ ਲਈ ਵੱਡਾ ਸਹਾਰਾ ਸਾਬਤ ਹੋਵੇਗੀ। ਉਨਾਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਣਕ ਦਾ ਇਕ ਇਕ ਦਾਣਾ ਖਰੀਦੇਗੀ ਪਰ ਮੰਡੀਆਂ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਣਕ ਖਰੀਦ ਦੀ ਪ੍ਰਿਆ ਨੂੰ 3 ਹਫਤੇ ਤੋਂ ਵਧਾ ਕੇ 8 ਹਫਤੇ ਕੀਤੀ ਗਈ ਹੈ।
ਇਸ ਦੌਰਾਨ ਵਿੱਤ ਮੰਤਰੀ ਲੋੜਵੰਦ ਲੋਕਾਂ ਤੱਕ ਪੱਕਿਆਂ ਪਕਾਇਆ ਰਾਸ਼ਨ ਮੁਹਈਆਂ ਕਰਵਾਉਣ ਵਾਲੀਆਂ ਸੰਸਥਾਵਾਂ ਦੀ ਹੌਂਸਲਾ ਅਫਜਾਈ ਲਈ ਵੀ ਪੁੱਜੇ ਅਤੇ ਡਾ: ਵਿਤੁੱਲ ਕੇ ਗੁਪਤਾ ਵੱਲੋਂ ਦਵਾਈਆਂ ਦੀ ਉਪਲਬੱਧਤਾ ਲਈ ਲਗਾਏ ਕੈਂਪ ਵਿਚ ਉਨਾਂ ਦਾ ਸ਼ੁਕਰਾਨਾ ਕੀਤਾ।