ਅਸ਼ੋਕ ਵਰਮਾ
ਬਠਿੰਡਾ, 12 ਅਪ੍ਰੈਲ 2020 - ਅੱਜ ਜਦ ਪੂਰੀ ਦੁਨੀਆਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਆਪਣੇ ਵੀ ਸਾਥ ਛੱਡਦੇ ਜਾਂਦੇ ਹਨ ਤਾਂ ਬਠਿੰਡਾ ਦੇ ਐਸ.ਡੀ.ਐਮ. ਅਤੇ ਤਹਿਸੀਲਦਾਰ ਦੇ ਨਾਲ ਨਾਲ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਇੱਥੋਂ ਦੇ ਆਇਸੋਲੇਸ਼ਨ ਵਾਰਡ ਵਿਚ ਲੱਗੇ ਬੈੱਡ ਦੀਆਂ ਚਾਦਰਾਂ ਅਤੇ ਹੋਰ ਸਮਾਨ ਧੋਣ ਲਈ ਅੱਗੇ ਆ ਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਦੀ ਮਿਸ਼ਾਲ ਪੇਸ਼ ਕੀਤੀ। ਕਰੋਨਾ ਪ੍ਰਤੀ ਬਣੀਆਂ ਸਮਾਜਿਕ ਮਿੱਥਾਂ ਤੋੜਨ ਲਈ ਅੱਗੇ ਆਕੇ ਇਸ ਕੰਮ ਵਿਚ ਸਹਿਯੋਗ ਕਰਨ ਨੂੰ ਸਮ੍ਰਾਜ ਲਈ ਮਹੱਤਵਪੂਰਨ ਸ਼ੰਦੇਸ਼ ਮੰਨਿਆ ਜਾ ਰਿਹਾ ਹੈ।
ਇੱਥੋਂ ਦੇ ਮੈਰੀਟੋਰੀਅਸ ਸਕੂਲ ਵਿਚ ਬਣੇ ਆਇਸੋਲੇਸ਼ਨ ਵਾਰਡ ਵਿਚ ਜਿੱਥੇ ਪਿੱਛਲੇ ਦਿਨੀਂ ਕੁਝ ਲੋਕਾਂ ਨੂੰ ਰੱਖਿਆ ਗਿਆ ਸੀ ਉਥੇ ਲਗਾਏ ਬੈਡਾਂ ਦੀਆਂ ਚਾਦਰਾਂ, ਸਿਰਹਾਣਿਆਂ ਦੇ ਕਵਰ ਅਤੇ ਹੋਰ ਕਪੜੇ ਧੋਣ ਦੀ ਸਮੱਸਿਆ ਪੈਦਾ ਹੋ ਗਈ ਸੀ ਕਿਉਂਕਿ ਲੋਕਾਂ ਵਿਚ ਡਰ ਸੀ ਕਿ ਇੱਥੇ ਜੋ ਲੋਕ ਰਹਿ ਕੇ ਗਏ ਹਨ ਕਿਤੇ ਉਨਾਂ ਕਾਰਨ ਇੰਨਾਂ ਕਪੜਿਆਂ ਨੂੰ ਧੋਣ ਸਮੇਂ ਉਨਾਂ ਤੇ ਹੀ ਵਾਇਰਸ ਦਾ ਹਮਲਾ ਨਾ ਹੋ ਜਾਵੇ।
ਇਸ ਸਬੰਧੀ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਆਗੂ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਸ ਸਬੰਧੀ ਸਟਾਫ ਦੇ ਮਨ ਵਿਚੋਂ ਡਰ ਕੱਢਣ ਲਈ ਬਠਿੰਡਾ ਦੇ ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਅੱਗੇ ਆਏ ਤਾਂ ਸਭ ਨੂੰ ਹੋਂਸਲਾਂ ਹੋਇਆ ਕਿ ਜੇਕਰ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਕਰੋਨਾ ਮਰੀਜਾਂ ਨਾਲ ਜੁੜੀਆਂ ਵਸਤਾਂ ਦੀ ਸਫਾਈ ਕੀਤੀ ਜਾ ਸਕਦੀ ਹੈ। ਉਨਾਂ ਨੇ ਕਿਹਾ ਆਇਸੋਲੇਸ਼ਨ ਵਾਰਡ ਦੀ ਸਫਾਈ ਅਤੇ ਚਾਦਰਾਂ ਧੋਣ ਦੇ ਕਾਰਜ ਵਿਚ ਉਨਾਂ ਦੀ ਸੰਸਥਾ ਨੇ ਵੀ ਸਹਿਯੋਗ ਕੀਤਾ ਅਤੇ ਇਸ ਦੌਰਾਨ ਡਾਕਟਰੀ ਸਲਾਹ ਅਨੁਸਾਰ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ।
ਸ੍ਰੀ ਮਹੇਸ਼ਵਰੀ ਨੇ ਦੱਸਿਆ ਕਿ ਜਦ ਵੀ ਕਿਸੇ ਸ਼ੱਕੀ ਦੇ ਨਮੂਨੇ ਲਏ ਜਾਂਦੇ ਹਨ ਤਾਂ ਉਨਾਂ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਜਾਂਦਾ ਹੈ ਜਿਸ ਦੌਰਾਨ ਅਜਿਹੇ ਲੋਕਾਂ ਦੇ ਖਾਣ ਪਾਣ ਅਤੇ ਹੋਰ ਜਰੂਰੀ ਲੋੜਾਂ ਦਾ ਪ੍ਰਬੰਧ ਵੀ ਬਠਿੰਡਾ ਦੇ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿਘ ਬਰਾੜ ਦੀ ਇਹ ਜੋੜੀ ਹੀ ਕਰਦੀ ਹੈ ਅਤੇ ਉਨਾਂ ਦੀ ਸੰਸਥਾ ਵੀ ਸਹਿਯੋਗ ਕਰਦੀ ਹੈ।