ਅਜਿਹੇ ਨੇਕ ਕਾਰਜਾਂ ਲਈ ਅੱਗੇ ਆ ਰਹੀਆਂ ਐਨ.ਜੀ.ਓਜ਼ ਦੇ ਉੱਦਮਾਂ ਦੀ ਕੀਤੀ ਸ਼ਲਾਘਾ
ਐਸ ਏ ਐਸ ਨਗਰ, 13 ਅਪ੍ਰੈਲ 2020:
"ਸੂਬਾ ਸਰਕਾਰ ਕੋਰੋਨਾ ਵਾਇਰਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਸੰਕਟ ਦੇ ਸਮੇਂ ਵਿੱਚ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖੇਗੀ।" ਇਹ ਪ੍ਰਗਟਾਵਾ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਫੇਜ਼ -6 ਵਿਖੇ ਕੀਤਾ।
ਮੰਤਰੀ ਨੇ ਇਸ ਮੌਕੇ 100 ਪੀਪੀਈ ਕਿੱਟਾਂ ਸਿਵਲ ਸਰਜਨ, ਮੁਹਾਲੀ ਡਾ. ਮਨਜੀਤ ਸਿੰਘ ਨੂੰ ਸੌਂਪੀਆਂ।
ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਨਿਯੰਤਰਣ ਯੋਜਨਾ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਇਸ ਯੋਜਨਾ ਵਿਚ ਨਿਯਮਤ ਅੰਤਰਾਲਾਂ ਤੇ ਸੈਨੀਟਾਈਜੇਸ਼ਨ ਕਰਨਾ, ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨੇ ਲੈਣਾ, ਜਾਗਰੂਕਤਾ ਮੁਹਿੰਮਾਂ ਵਿਚ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦੇਣਾ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਜੁਆਏ ਆਫ਼ ਲਿਵਿੰਗ ਅਤੇ ਮੁਹਾਲੀ ਹੈਲਪਰਸ ਐਨਜੀਓਜ਼ ਦੁਆਰਾ ਹਸਪਤਾਲ ਨੂੰ 100 ਪੀਪੀਈ ਕਿੱਟਾਂ ਦਾਨ ਕੀਤੀਆਂ ਗਈਆਂ। ਇਸ ਮੌਕੇ ਸ. ਸਿੱਧੂ ਨੇ ਜੁਆਏ ਆਫ਼ ਲਿਵਿੰਗ ਅਤੇ ਮੁਹਾਲੀ ਹੈਲਪਰਸ ਦੀਆਂ ਐਨ.ਜੀ.ਓਜ਼ ਦੀ ਸ਼ਲਾਘਾ ਕੀਤੀ ਜੋ ਮਨੁੱਖਤਾ ਦੇ ਹਿੱਤ ਲਈ ਅਜਿਹੇ ਨੇਕ ਕਾਰਜ ਕਰ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਆਏ ਆਫ਼ ਲਿਵਿੰਗ ਤੋਂ ਸ੍ਰੀ ਮਨੀਸ਼ ਤਨੇਜਾ ਅਤੇ ਸ੍ਰੀ ਦਵਿੰਦਰ ਸਿੰਘ ਅਤੇ ਮੁਹਾਲੀ ਹੈਲਪਰਸ ਤੋਂ ਡਾ. ਸੰਨੀ ਸਿੰਘ ਆਹਲੂਵਾਲੀਆ, ਸ੍ਰੀ ਕਮਲਪ੍ਰੀਤ ਸਿੰਘ ਬੰਨੀ ਅਤੇ ਸ੍ਰੀ ਕਮਲਜੀਤ ਸਿੰਘ ਸ਼ਾਮਲ ਸਨ।