ਜੀ ਐਸ ਪੰਨੂ
ਪਟਿਆਲਾ 13 ਅਪ੍ਰੈਲ 2020: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐੱਸ ਪੀ ਸਿੰਘ ਵਲੋਂ ਆਪਣੇ 65ਵੇਂ ਜਨਮ ਦਿਨ ਦੇ ਮੌਕੇ ਤੇ ਪੀ. ਜੀ.ਆਈ.ਤੋਂ ਇਲਾਵਾ ਜਲੰਧਰ, ਨਵਾਂ ਸ਼ਹਿਰ, ਫਗਵਾੜਾ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਵੱਡੀ ਗਿਣਤੀ 'ਚ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ ਅਤੇ ਟ੍ਰਿਪਲ ਲੇਅਰ ਸਰਜੀਕਲ ਮਾਸਕ ਭੇਜੇ ਗਏ ਹਨ, ਜਿਸ ਸਦਕਾ ਕੋਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਜੂਝ ਰਹੇ ਇਨ੍ਹਾਂ ਜ਼ਿਲਿਆਂ ਦੇ ਸਿਹਤ, ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੇਗੀ।
ਡਾ.ਐੱਸ.ਪੀ. ਸਿੰਘ ਓਬਰਾਏ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਨੇ ਅੱਧੀ ਰਾਤ ਜਦੋਂ ਉਨ੍ਹਾਂ ਦਾ ਜਨਮ ਮਿਤੀ ਸ਼ੁਰੂ ਹੁੰਦੀ ਸੀ ਉਦੋਂ ਵੀ ਪੀ ਪੀ ਈ ਕਿੱਟਾਂ ਨੂੰ ਗੱਡੀਆਂ ਤੋਂ ਅਨ ਲੋਡ ਕਰਵਾ ਰਹੇ ਸਨ ਅਤੇ ਸਵੇਰੇ ਸੁਵੱਖਤੇ ਆਪਣੇ ਪਹਿਲੇ ਪੜਾਅ ਤਹਿਤ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਕਪੂਰਥਲਾ ਤੇ ਟਾਂਡਾ ਦੇ ਪ੍ਰਸ਼ਾਸਨ ਨੂੰ ਮੰਗ ਅਨੁਸਾਰ 1000 ਪੀ. ਪੀ. ਈ. ਕਿੱਟਾਂ, 1000 ਐੱਨ-95 ਮਾਸਕ, 5000 ਧੋਣ ਉਪਰੰਤ ਮੁੜ ਵਰਤੋਂ 'ਚ ਆਉਣ ਵਾਲਾ ਸਰਜੀਕਲ ਟ੍ਰਿਪਲ ਲੇਅਰ ਭੇਜੇ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਖੁਸ਼ੀ ਮਹਿਸੂਸ ਹੋਈ ਕਿ ਉਹ ਆਪਣੇ ਜਨਮ ਦਿਨ ਦੇ ਮੌਕੇ ਵੀ ਲੋਕਾਂ ਦੀ ਸੇਵਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਭੇਜਿਆ ਗਿਆ ਇਹ ਸਾਮਾਨ ਸਬੰਧਤ ਜ਼ਿਲਿਆਂ ਦੇ ਸਿਵਲ ਪ੍ਰਸ਼ਾਸਨ ਵੱਲੋਂ ਆਪਣੇ ਖੇਤਰ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਿਸ ਦੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਦੇ ਕਾਰਡੀਓ ਵਿੰਗ ਦੇ ਮੁਖੀ ਡਾ. ਯਸ਼ਪਾਲ ਦੀ ਮੰਗ 'ਤੇ ਉਨ੍ਹਾਂ ਨੂੰ ਵੀ ਲੋੜੀਂਦਾ ਸਾਮਾਨ ਟਰੱਸਟ ਵੱਲੋਂ ਭੇਜ ਦਿੱਤਾ ਗਿਆ ਹੈ ਜਦ ਕਿ ਬਾਕੀ ਰਹਿੰਦੇ ਜ਼ਿਲਿਆਂ ਅੰਦਰ ਵੀ ਲੋੜੀਂਦਾ ਸਾਰਾ ਸਾਮਾਨ ਬਹੁਤ ਜਲਦ ਪਹੁੰਚ ਜਾਵੇਗਾ।
ਡਾ. ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਟਰੱਸਟ ਦੇ ਬਜਟ ਵਿਚ ਵਾਧਾ ਕਰਦਿਆਂ ਹੋਇਆਂ ਵੱਡੀ ਰਕਮ ਸਿਹਤ ਤੇ ਪੁਲਿਸ ਕਰਮਚਾਰੀਆਂ ਲਈ ਲੋੜੀਂਦੇ ਸਾਮਾਨ ਮੁਹੱਈਆ ਕਰਾਉਣ ਤੋਂ ਇਲਾਵਾ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦੇਣ ਲਈ ਰਕਮ ਵੀ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਕੀਤੀ ਜਾਣ ਵਾਲੀ ਇਹ ਸਾਰੀ ਸੇਵਾ ਸੂਬੇ ਦੇ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਢੁੱਕਵੀਆਂ ਥਾਵਾਂ 'ਤੇ ਹੀ ਕੀਤੀ ਜਾ ਰਹੀ ਹੈ। ਜਿਸ ਲਈ ਟਰੱਸਟ ਦੀਆਂ ਸਮੁੱਚੀਆਂ ਜ਼ਿਲਾ ਇਕਾਈਆਂ ਦੇ ਸੇਵਾਦਾਰ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਇਥੇ ਇਹ ਜਾਣਕਾਰੀ ਦੇਣ ਯੋਗ ਹੈ ਕਿ ਇਸ ਵਿਚੋਂ ਹਿੱਸਾ ਹਸਪਤਾਲਾਂ ਵਿੱਚ ਸਫ਼ਾਈ ਸੇਵਕਾਂ ਐਂਬੂਲੈਂਸਾਂ ਦੇ ਡਰਾਈਵਰਾਂ ਸੈਤਨ ਵਾਲਿਆਂ ਨੂੰ ਵੀ ਦੇਣ ਯੋਗ ਹੈ।