ਅੰਮ੍ਰਿਤਸਰ ਰਹਿ ਰਹੇ ਫਰੀਡਮ ਫਾਇਟਰ ਪਰਿਵਾਰਾਂ ਵੀ ਇਸ ਵਾਰ ਨਹੀਂ ਜਾ ਸਕੇ ਜਲ੍ਹਿਆਂਵਾਲਾ ਬਾਗ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 14 ਅਪ੍ਰੈਲ -ਕੋਰੋਨਾ ਦੇ ਕਹਿਰ ਕਾਰਣ ਲੱਗੇ ਕਰਫਿਊ ਦਾ ਅਸਰ ਜਿੱਥੇ ਅੱਜ ਵਿਸਾਖੀ ਤੇ ਖ਼ਾਲਸਾ ਸਾਜਨਾ ਦਿਵਸ ਮੌਕੇ ਹੋਣ ਵਾਲੇ ਧਾਰਮਿਕ ਸਮਾਗਮਾਂ 'ਤੇ ਪਿਆ, ਉਥੇ ਜਮਹੂਰੀ ਤੇ ਲੋਕ ਪੱਖੀ ਜਥੇਬੰਦੀਆਂ ਦੇਸ਼ ਦੀ ਆਜ਼ਾਦੀ ਲਈ 101 ਵਰ੍ਹੇ ਪਹਿਲਾਂ 13 ਅਪ੍ਰੈਲ ਸੰਨ 1919 ਵਾਲੇ ਦਿਨ ਦੇਸ਼ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਜਲ੍ਹਿਆਂਵਾਲਾ ਬਾਗ ਵਿਖੇ ਸ਼ਹਾਦਤਾਂ ਦੇਣ ਵਾਲੇ ਦੇਸ਼ ਭਗਤ ਸ਼ਹੀਦਾਂ ਦੀ ਯਾਦ ਮਨਾਉਣ ਲਈ ਵੀ ਇਸ ਇਤਿਹਾਸਕ ਸਥਾਨ ਵਿਖੇ ਨਹੀਂ ਪੁੱਜ ਸਕੀਆਂ ।
ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਅਤੇ ਕਾਰਕੁਨਾਂ ਵਲੋਂ ਜਲ੍ਹਿਆਂਵਾਲਾ ਸ਼ਤਾਬਦੀ ਸਮਾਗਮਾਂ ਦੀ ਸਮਾਪਤੀ ਮੌਕੇ ਅੱਜ ਸਮੁੱਚੇ ਪੰਜਾਬ ਵਿਚ ਆਪਣੇ ਘਰਾਂ ਵਿਚ ਰਹਿ ਕੇ ਜਲਿ•ਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ।
ਜਨਤਕ ਆਗੂਆਂ ਡਾ: ਪਰਮਿੰਦਰ ਸਿੰਘ, ਅਮੋਲਕ ਸਿੰਘ ਤੇ ਸੁਮੀਤ ਸਿੰਘ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਆੜ ਤੇ ਨਵੀਨੀਕਰਨ ਦੇ ਨਾਂ ਹੇਠ ਜਲ੍ਹਿਆਂਵਾਲੇ ਬਾਗ਼ ਦੀ ਇਨਕਲਾਬੀ ਵਿਰਾਸਤ ਨਾਲ ਛੇੜ-ਛਾੜ ਕਰਨ ਤੇ 13 ਜੂਨ ਤੱਕ ਬੰਦ ਰੱਖਣ ਦੀ ਨਿਖੇਧੀ ਕਰਦਿਆਂ ਇਸ ਨੂੰ ਜਲਦੀ ਖੋਲ੍ਹਣ ਦੀ ਮੰਗ ਵੀ ਕੀਤੀ ।
ਅੱਜ ਪੰਜਾਬ ਸਰਕਾਰ ਵਲੋਂ ਵਿਧਾਇਕ ਡਾ: ਰਾਜਕੁਮਾਰ ਵੇਰਕਾ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾਂ ਵਲੋਂ ਨਿੱਜੀ ਤੌਰ 'ਤੇ ਜਲਿਆਂ ਵਾਲਾ ਬਾਗ ਵਿਖੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।