ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2020 - ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਿੱਚ ਸ਼ਾਮਲ ਕਮਿਊਨਿਸਟ ਪਾਰਟੀਆਂ ਅਤੇ ਮੰਚਾਂ ਵਲੋਂ ਸਾਂਝੇ ਤੌਰ 'ਤੇ ਦਿੱਤੇ ਸੱਦੇ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ- ਮਾਨਸਾ ਜ਼ਿਲਾ ਕਮੇਟੀ ਦੇ ਸੱਦੇ ‘ਤੇ ਅੱਜ ਦੋਵਾਂ ਜਿਲਿਆਂ ਵਿੱਚ ਪਾਰਟੀ ਅਤੇ ਜਨਸੰਗਠਨਾਂ ਦੇ ਕਾਰਕੁੰਨਾਂ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਯੁੱਗ ਪਲਟਾਊ ਘਟਨਾ, ਜਲਿਆਂ ਵਾਲਾ ਬਾਗ ਦੇ ਸ਼ਹੀਦੀ ਸਾਕੇ ( 13 ਅਪ੍ਰੈਲ, 1919) ਦੇ ਸ਼ਹੀਦਾਂ ਦੀ ਪ੍ਰੇਰਣਾ ਮਈ ਯਾਦ ਵਿੱਚ ਆਪੋ- ਆਪਣੇ ਘਰਾਂ ਦੀਆਂ ਛੱਤਾਂ ਤੋਂ ਸੂਹੇ ਝੰਡੇ ਲਹਿਰਾਏ ਗਏ ਅਤੇ ਸ਼ਹੀਦਾਂ ਦੇ ਅਧੂਰੇ ਕਾਜ ਪੂਰੇ ਕਰਨ ਲਈ ਜੱਦੋਜਹਿਦ ਤੇਜ ਕਰਨ ਦਾ ਪ੍ਰਣ ਲਿਆ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਿਲਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਸਕੱਤਰ ਸਾਥੀ ਲਾਲ ਚੰਦ ਸਰਦੂਲਗੜ ਅਤੇ ਵਿੱਤ ਸਕੱਤਰ ਸਾਥੀ ਪ੍ਰਕਾਸ਼ ਸਿੰਘ ਨੰਦਗੜ ਨੇ ਦੱਸਿਆ ਕਿ ਆਲਮੀ ਕੋਰੋਨਾ ਮਹਾਂਮਾਰੀ ਵਿੱਚ ਮਾਰੇ ਗਏ ਸੰਸਾਰ ਭਰ ਦੇ ਲੋਕਾਂ ਨੂੰ ਵੀ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਉਨਾਂ ਦੱਸਿਆ ਕਿ ਧਰਤੀ ਤੋਂ ਹਰ ਕਿਸਮ ਦੇ ਭੇਦਭਾਵ ਅਤੇ ਅੱਤਿਆਚਾਰ ਦੇ ਖਾਤਮੇ ਦੇ ਪਵਿੱਤਰ ਉਦੇਸ਼ ਅਧੀਨ ਸਿਰਜੇ ਗਏ ਖਾਲਸਾ ਪੰਥ ਦੇ ਮਾਨਵਤਾਵਾਦੀ ਸਰੋਕਾਰਾਂ ਨੂੰ ਵੀ ਅੱਗੇ ਵਧਾਉਣ ਦਾ ਅਹਿਦ ਲਿਆ ਗਿਆ । ਆਗੂਆਂ ਨੇ ਲੋਕਾਈ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਕਰਕੇ ਬਣੀ ਮਹਾਂਮਾਰੀ ਦੀ ਅਵਸਥਾ ਵਿੱਚ ਵੀ ਸਵਾਰਥੀ ਤੱਤਾਂ ਵਲੋਂ ਫੈਲਾਈ ਜਾ ਰਹੀ ਫਿਰਕੂ ਨਫਰਤ ਵਿਰੁੱਧ ਹਰ ਸੰਭਵ ਤਰੀਕੇ ਨਾਲ ਆਵਾਜ਼ ਬੁਲੰਦ ਕਰਦਿਆਂ, ਇਨਾਂ ਮਨੁੱਖਤਾ ਵਿਰੋਧੀ ਅਨਸਰਾਂ ਦੇ ਕੋਝੇ ਮਨਸੂਬਿਆਂ ਨੂੰ ਭਾਂਜ ਦਿੱਤੀ ਜਾਵੇ। ਉਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਜਾਨ ਹੂਲਵੇਂ ਕਾਰਜ ਕਰ ਰਹੇ ਸਿਹਤ ਅਮਲੇ ਅਤੇ ਹੋਰਨਾਂ ਮਾਨਵ ਹਿਤੈਸ਼ੀ ਕਾਰਕੁੰਨਾਂ ਦੇ ਲਾਮਿਸਾਲ ਤਿਆਗ ਅਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਇਨਾਂ ਦੀ ਮੁਕੰਮਲ ਸੁਰੱਖਿਆ ਹਿਤ ਹਰ ਕਿਸਮ ਦਾ ਸਾਮਾਨ ਉਪਲੱਬਧ ਕਰਵਾਏ ਜਾਣ ਦੀ ਮੰਗ ਵੀ ਕੀਤੀ ਗਈ।
ਉਨਾਂ ਦੱਸਿਆ ਕਿ ਪਿੰਡਾਂ/ ਸ਼ਹਿਰਾਂ ਵਿੱਚ ਰਾਸ਼ਨ ਵੰਡ ਸਮੇਂ ਲਾਈਆਂ ਜਾ ਰਹੀਆਂ ਸ਼ਰਤਾਂ ਖਤਮ ਕਰਕੇ ਸਮੁੱਚੇ ਬੇਜਮੀਨੇ/ਸਾਧਨਹੀਣ ਕਿਰਤੀ ਪਰਿਵਾਰਾਂ ਨੂੰ ਬਿਨਾਂ ਭੇਦਭਾਵ ਤੋਂ ਰਾਸ਼ਨ ਅਤੇ ਹੋਰਨਾਂ ਜ਼ਰੂਰਤਾਂ ਦੀ ਪੂਰਤੀ ਲਈ ਯਕਮੁਸ਼ਤ ਨਗਦ ਰਕਮ ਦਿੱਤੇ ਜਾਣ ਅਤੇ ਖਪਤਕਾਰਾਂ ‘ਤੇ ਆਧਾਰਿਤ ਕਮੇਟੀਆਂ ਬਣਾ ਕੇ ਰਾਹਤ ਸਮੱਗਰੀ ਵੰਡੇ ਜਾਣ ਦੀ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਅਤੇ ਸੋਸ਼ਲ ਡਿਸਟੈਂਸ ਦੇ ਅਸੂਲਾਂ ਦੀ ਪਾਲਣਾ ਹਰ ਹਾਲਤ ਯਕੀਨੀ ਬਣਾਉਣ ਤਾਂ ਜੋ ਕਰੋਨਾ ਨੂੰ ਹਰਾ ਕੇ ਸਿਹਤਮੰਦ ਸਮਾਜ ਸਿਰਜਿਆ ਜਾ ਸਕੇ।