ਮਨਿੰਦਰਜੀਤ ਸਿੱਧੂ
- ਕਰਫਿਊ ਦੇ ਕਾਰਨ ਬਜ਼ੁਰਗਾਂ ਅਤੇ ਗਰੀਬ ਲੋਕਾਂ ਲਈ ਮਸੀਹਾ ਬਣ ਕੇ ਬਹੁੜੇ ਇਹ ਨੌਜਵਾਨ
ਜੈਤੋ, 14 ਅਪ੍ਰੈਲ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਜੈਤੋ ਹਲਕੇ ਵਿੱਚ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਅਤੇ ਪ੍ਰਸ਼ਾਸਨ ਹਰ ਇੱਕ ਤੱਕ ਭੋਜਨ ਮੁਹੱਈਆ ਕਰਵਾਉਣ ਦੇ ਆਹਰ ਵਿੱਚ ਜੁਟਿਆ ਹੋਇਆ ਹੈ ਉੱਥੇ ਜੈਤੋ ਨੇੜਲੇ ਪਿੰਡ ਰੋੜੀਕਪੂਰਾ ਦੇ ਨੌਜਵਾਨ ਗੁਰਸ਼ਰਨ ਸਿੰਘ ਅਤੇ ਸੁਖਜੀਤ ਸਿੰਘ ਨਿਵੇਕਲੇ ਤਰੀਕੇ ਨਾਲ ਗਰੀਬ ਅਤੇ ਬਜ਼ੁਰਗ ਲੋਕਾਂ ਦੀ ਸੇਵਾ ਕਰ ਰਹੇ ਹਨ।ਗੁਰਸ਼ਰਨ ਸਿੰਘ ਅਤੇ ਸੁਖਜੀਤ ਸਿੰਘ ਜਿਸਨੂੰ ਲੋਕ ਪਿਆਰ ਨਾਲ ਪ੍ਰੋਫੈਸਰ ਵੀ ਕਹਿੰਦੇ ਹਨ, ਭਾਰਤ ਸਰਕਾਰ ਦੇ ਈ.ਗਵਰਨੈਂਸ ਪ੍ਰੋਗਰਾਮ ਤਹਿਤ ਵੀ.ਐੱਲ.ਈ ਵਜੋਂ ਕਾਮਨ ਸਰਵਿਸ ਸੈਂਟਰ ਚਲਾਉਂਦੇ ਹਨ।ਅਕਸਰ ਸਮਾਜਸੇਵਾ ਦੇ ਕੰਮਾਂ ਵਿੱਚ ਮਸ਼ਗੂਲ ਰਹਿਣ ਵਾਲੇ ਇਹਨਾਂ ਨੌਜਵਾਨਾਂ ਦੇ ਕਰਫਿਊ ਦੇ ਚਲਦਿਆਂ ਘਰ ਘਰ ਜਾ ਕੇ ਬਜ਼ੁਰਗਾਂ,ਵਿਧਵਾਵਾਂ ਅਤੇ ਗਰੀਬ ਲੋਕਾਂ ਨੂੰ ਪੈਨਸ਼ਨਾਂ ਵੰਡੀਆਂ।
ਚਿਹਰਿਆਂ ‘ਤੇ ਮਾਸਕ ਚੜ੍ਹਾਏ ਅਤੇ ਹੱਥਾਂ ਵਿੱਚ ਸੈਨੀਟਾਈਜ਼ਰ ਦੀਆਂ ਸ਼ੀਸ਼ੀਆਂ ਫੜ੍ਹੀ ਇਹ ਨੌਜਵਾਨ ਅਕਸਰ ਹੀ ਗਰੀਬ ਬਸਤੀਆਂ ਵਿੱਚ ਪੈਨਸ਼ਨਾਂ ਵੰਡਦੇ ਦੇਖੇ ਜਾਂਦੇ ਹਨ।ਜਦ ਅਸੀਂ ਗੁਰਸ਼ਰਨ ਸਿੰਘ ਅਤੇ ਸੁਖਜੀਤ ਸਿੰਘ ਉਰਫ ਪ੍ਰੋਫੈਸਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਸੁਭਾ ਤੋਂ ਸ਼ਾਮ ਤੱਕ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਦੇ ਹੋਏ ਘਰ ਘਰ ਜਾ ਕੇ ਪੈਨਸ਼ਨਾਂ ਆਦਿ ਦੇ ਪੈਸੇ ਲੋਕਾਂ ਦੇ ਖਾਤਿਆਂ ਵਿੱਚੋਂ ਕੱਢ ਕੇ ਵੰਡਦੇ ਹਨ।
ਇਸ ਤੋਂ ਇਲਾਵਾ ਲੋਕਾਂ ਨੂੰ ਸੇਤੂ ਐਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਸੰਬੰਧੀ ਤਾਜਾ ਜਾਣਕਾਰੀ ਹਾਸਿਲ ਹੁੰਦੀ ਰਹੇ।ਇਲਾਕੇ ਦੇ ਲੋਕ ਇਹਨਾਂ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਸੇਵਾ ਤੋਂ ਬਹੁਤ ਖੁਸ਼ ਹਨ।ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਚਲਦਿਆਂ ਬੈਂਕਾਂ ਘੱਟ ਖੁੱਲ੍ਹਦੀਆਂ ਹਨ ਅਤੇ ਬੈਂਕਾਂ ਅੱਗੇ ਲਾਈਨਾਂ ਬਹੁਤ ਲੰਬੀਆਂ ਹੁੰਦੀਆਂ ਹਨ ਅਤੇ ਘਰ ਘਰ ਆ ਕੇ ਪੈਨਸ਼ਨਾਂ ਵੰਡ ਕੇ ਇਹ ਨੌਜਵਾਨ ਔਕੜ ਦੀ ਘੜੀ ਵਿੱਚ ਮਸੀਹਾ ਬਣ ਕੇ ਬਹੁੜੇ ਹਨ।