ਹਰਿੰਦਰ ਨਿੱਕਾ
ਬਰਨਾਲਾ, 15 ਅਪਰੈਲ 2020 - ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਬਈ (ਬਾਦਰਾਂ) ਸਟੇਸ਼ਨ 'ਤੇ ਆਪਣੇ ਪਿੰਡਾਂ ਨੂੰ ਜਾਣ ਲਈ ਇਕੱਠੇ ਹੋਏ ਪਰਵਾਸੀ ਮਜਦੂਰਾਂ ਦੀ ਭੀੜ 'ਤੇ ਪੁਲਿਸ ਵੱਲੋਂ ਕੀਤੇ ਬੇਤਹਾਸ਼ਾ ਲਾਠੀਚਾਰਜ ਦੀ ਸਖਤ ਨਿੰਦਿਆ ਕੀਤੀ ਹੈ। ਪ੍ਰੈਂਸ ਬਿਆਨ ਜਾਰੀ ਕਰਿਦਆਂ ਦੋਵਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੋਵਿਡ-19 ਨੂੰ ਨਜਿੱਠਣ ਲਈ ਗੈਰ ਜਿੰਮੇਵਾਰਾਨਾ ਢੰਗ ਨਾਲ ਯੱਕਦਮ ਲੌਕਡਾਉਣ ਲਾਗੂ ਕਰਕੇ ਲੱਖਾਂ ਪਰਵਾਸੀ ਮਜਦੂਰਾਂ ਅਤੇ ਹੋਰ ਯਾਤਰੀਆਂ ਨੂੰ ਦੇਸ਼ ਦੇ ਵੱਖ ਵੱਖ ਥਾਵਾਂ 'ਤੇ ਫਸਾ ਕੇ ਅਣਮਨੁੱਖੀ ਵਤੀਰਾ ਅਪਣਾਇਆ ਹੈ। ਰੇਲਵੇ ਟਰੈਫਿਕ ਅਤੇ ਬੱਸ ਸਰਵਿਸ ਬੰਦ ਹੋਣ ਨਾਲ ਮੁਸਾਫ਼ਰ ਵੱਖ ਵੱਖ ਥਾਵਾਂ 'ਤੇ ਬੁਰੀ ਤਰ੍ਹਾਂ ਫਸ ਗਏ ਹਨ ਅਤੇ ਉਹ ਬਹੁਤ ਵੱਡੀਆਂ ਪਰੇਸ਼ਾਨੀਆਂ ਝੱਲ ਰਹੇ ਹਨ।
ਆਪਣੇ ਬੱਚਿਆਂ ਨੂੰ ਕੁਛੜ ਚੁੱਕ ਕੇ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤ ਪਰਵਾਸੀ ਮਜ਼ਦੂਰ ਹਜਾਰਾਂ ਕਿਲੋਮੀਟਰ ਪੈਂਡਾ ਤੈਅ ਕਰਕੇ ਆਪਣੇ ਜੱਦੀ ਪਿੰਡਾਂ ਨੂੰ ਜਾਣ ਲਈ ਮਜਬੂਰ ਹੋਏ ਹਨ। ਕੇਂਦਰ ਅਤੇ ਰਾਜ ਸਰਕਾਰਾਂ ਨੇ ਮਜਦੂਰਾਂ ਨੂੰ ਆਪਣੀ ਸਵੈ ਇੱਛਾ ਨਾਲ ਜਿੱਥੇ ਮਰਜੀ ਰਹਿਣ ਦੇ ਜਮਹੂਰੀ ਹੱਕ ਨੂੰ ਕੁਚਲ ਕੇ ਸੂਬਿਆਂ ਦੀਆਂ ਸਰਹੱਦਾਂ ਤੋ ਜਬਰੀ ਪੁਲਿਸ ਦੇ ਧੱਕੇ ਨਾਲ ਰੋਕ ਲਿਆ ।ਤਿੰਨ ਹਫਤੇ ਦੀ ਤਾਲਾਬੰਦੀ ਵਿੱਚ ਕੈਦ ਇਹ ਲੋਕ ਨਾ ਘਰ ਦੇ ਨਾ ਘਾਟ ਦੇ ਰਹੇ ਹਨ। ਰਸਤਿਆਂ ਵਿੱਚ ਫਸੇ ਇਹ ਲੋਕ ਆਪਣੇ ਪਰਿਵਾਰਾਂ,ਬੱਚਿਆਂ ਅਤੇ ਘਰਾਂ ਨੂੰ ਤਰਸ ਗਏ ਹਨ। ਇਨ੍ਹਾਂ ਨੂੰ ਘਟੀਆ ਖਾਣਾ ਦਿੱਤਾ ਜਾ ਰਿਹਾ ਹੈ ਅਤੇ ਉਹ ਪੰਜ ਪੰਜ, ਛੇ ਛੇ ਘੰਟੇ ਕਤਾਰਾਂ ਵਿੱਚ ਲੱਗ ਕੇ ਖੜ੍ਹਨ ਤੋਂ ਬਾਅਦ ਅਤੇ ਇਹ ਖਾਣਾ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਹੁੰਦਾ। ਮਾੜੇ ਖਾਣੇ ਨੂੰ ਲੈ ਕੇ ਮਜਦੂਰਾਂ ਵੱਲੋਂ ਲਗਾਤਾਰ ਵਿਰੋਧ ਹੋ ਰਿਹਾ ਅਤੇ ਮਾੜੇ ਖਾਣੇ ਕਰਕੇ ਦਿੱਲੀ ਅਖੌਤੀ ਰੈਣ ਵਸੇਰਿਆਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਉਹ ਕੇਵਲ ਆਪਣੀ ਰੋਟੀ ਲਈ ਨਹੀਂ ਸਗੋਂ ਆਪਣੇ ਬੱਚਿਆਂ ਅਤੇ ਪਰਿਵਾਰਾਂ ਦਾ ਪਾਲਣ ਪੋਸਣ ਕਰਨ ਲਈ ਦੇਸ਼ ਤੋਂ ਪਰਦੇਸੀ ਹੋਏ ਸਨ ।
ਪਰ ਹੁਣ ਮਜਦੂਰਾਂ ਦੇ ਰੁਜ਼ਗਾਰ ਖੁੱਸ ਗੲੇ ਹਨ। ਇੱਕ ਪਾਸੇ ਉਨ੍ਹਾਂ ਨੂੰ ਕਰੋਨਾ ਬਿਮਾਰੀ ਨਾਲ ਖੁਦ ਮਰਨ ਦਾ ਖਤਰਾ ਹੈ ਅਤੇ ਦੂਜੇ ਪਾਸੇ ਮੌਤ ਬਾਅਦ ਆਪਣੀ ਦੇਹ ਰੁਲਣ ਦੀ ਚਿੰਤਾ ਵੀ ਹੈ। ਹਰ ਵਿਅਕਤੀ ਆਪਣੇ ਅੰਤਮ ਸੁਆਸ ਆਪਣੇ ਪਿੰਡ ਛੱਡਣਾ ਚਾਹੁੰਦਾ ਹੁੰਦਾ ਹੈ। ਪਰ ਹਾਕਮ ਜਮਾਤਾਂ ਵੱਲੋ ਉਨ੍ਹਾਂ ਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀ ਸਮਝਿਆ ਜਾ ਰਿਹਾ। ਜੋ ਸਮੱਸਿਆਵਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਮੀਡੀੲੇ ਵਿਚ ਆਉਣ ਨਹੀਂ ਦਿੱਤਾ ਜਾ ਰਿਹਾ। ਅਣਅੈਲਾਨੀ ਸੈਂਸਰਸ਼ਿਪ ਮੜ ਦਿੱਤੀ ਗਈ ਹੈ। ਤਿੰਨ ਹਫਤੇ ਦੇ ਲੋਕਆਉਟ ਬਆਦ ਉਨ੍ਹਾਂ ਨੂੰ ਆਪੋ ਆਪਣੇ ਟਿਕਾਣਿਆਂ 'ਤੇ ਪਹਿੰਚਣ ਦੀ ਆਸ ਸੀ ਪਰ ਲੌਕਡਾਉਣ ਦੀ ਮਨਿਆਦ ਵਧਣ ਨਾਲ ਉਨ੍ਹਾਂ ਦੀ ਆਸ ਟੁੱਟ ਗਈ ਹੈ । ਮਾੜੇ ਖਾਣੇ ਕਾਰਨ ਮਜਦੂਰਾਂ ਵਿੱਚ ਰੋਸ ਫੈਲ ਰਿਹਾ ਹੈ। ਅਖੌਤੀ ਰੈਣਵਸੇਰਿਆਂ ਵਿੱਚ ਮਜਦੂਰਾਂ ਦਾ ਰੋਸ ਵਧ ਰਿਹਾ ਹੈ।
ਦੋ ਵਾਰੀ ਸੂਰਤ ਅੰਦਰ ਪਰਵਾਸੀ ਮਜਦੂਰਾਂ ਦਾ ਗੁੱਸਾ ਭੜਕਿਆ ਹੈ ਅਤੇ ਉਨ੍ਹਾਂ ਨੇ ਗੁੱਸੇ ਵਿੱਚ ਭੰਨ ਤੋੜ ਅਤੇ ਅੱਗਜਨੀ ਕੀਤੀ ਹੈ। ਮੰਬਈ ਦੇ ਬਾਦਰਾਂ ਅੰਦਰ ਹਜਾਰਾਂ ਮਜਦੂਰ ਆਪਣੇ ਪਿੰਡਾਂ ਨੂੰ ਜਾਣ ਕਰਦੀ ਭੀੜ ਜਮ੍ਹਾਂ ਹੋਈ। ਮੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਆਪ ਮੁਹਾਰੇ ਇਕੱਠੇ ਹੋ ਗਏ ।ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਪੁਲਿਸ ਜਬਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨਕਲਾਬੀ ਕੇਂਦਰ ਪੰਜਾਬ ਦੇ ਇਨ੍ਹਾਂ ਸੂਬਾ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਮਜਦੂਰਾਂ ਅਤੇ ਹੋਰ ਯਾਤਰੀਆਂ ਨੂੰ ਧੱਕੇ ਨਾਲ ਰੋਕਣ ਨਾਲ ਇਨ੍ਹਾਂ ਅੰਦਰ ਹੋਰ ਗੁੱਸਾ ਅਤੇ ਰੋਹ ਪੈਦਾ ਹੋਵੇਗਾ ਅਤੇ ਜਿਸ ਨਾਲ ਹੋਰ ਥਾਵਾਂ 'ਤੇ ਫਸੇ ਮਜਦੂਰਾਂ ਅੰਦਰ ਵੀ ਬਗਾਵਤੀ ਸੁਰਾਂ ਪੈਦਾ ਹੋਣਗੀਆਂ।ਕਿਉਂਕਿ ਮੁਲਕ ਦੇ ਕਰੋੜਾਂ ਮਜਦੂਰਾਂ ਨੂੰ ਇਸ ਹਾਲਤ ਵਿੱਚ ਧੱਕਣ ਦੀ ਜਿੰਮੇਵਾਰ ਮੋਦੀ ਸਰਕਾਰ ਹੀ ਹੈ।
ਜਿਸ ਨੇ ਬਿਨ੍ਹਾਂ ਕਿਸੇ ਠੋਸ ਵਿਉਂਤਬੰਦੀ ਦੇ ਲੌਕਡਾਊਨ ਭਾਰਤੀ ਲੋਕਾਂ ਸਿਰ ਜਬਰੀ ਮੜ੍ਹ ਦਿੱਤਾ। ਆਗੂਆਂ ਨੇ ਕਿਹਾ ਸਾਡੇ ਮੁਲਕ ਦੀ ਤਰਾਸਦੀ ਤਾਂ ਇਹ ਹੈ ਕਿ ਜਿਸ ਢੰਗ ਨਾਲ ਸਰੀਰਕ ਅਤੇ ਸਮਾਜਿਕ ਵਖਰੇਵਾਂ ਰੱਖਕੇ ਕਰੋਨਾ ਵਾੲਰਿਸ ਉੱਤੇ ਕਾਬੂ ਪਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ, ਛੋਟੇ ਛੋਟੇ ਝੋਂਪੜੀ ਨੁਮਾ ਕਮਰਿਆਂ ਵਿੱਚ 10-10 ਦੇ ਗਰੁੱਪ ਵਿੱਚ ਇਕੱਠੇ ਰਹਿੰਦੇ ਮਜਦੂਰਾਂ ਲਈ ਇਹ ਕਾਰਗਰ ਨਹੀਂ ਹੈ। ਅਸਲ ਵਿੱਚ ਮੋਦੀ ਹਕੁਮਤ ਥੋੜੀ ਗਿਣਤੀ ਲੋਕਾਂ ਨੂੰ ਬਚਾਉਣ ਲਈ ਕਰੋੜਾਂ ਮਜਦੂਰਾਂ ਨੂੰ ਬਲੀ ਦੇ ਬੱਕਰੀ ਬਣਾ ਕੇ ਮੌਤ ਦੇ ਮੂੰਹ ਧੱਕ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦੀਆਂ ਮੰਗਾਂ ਮੰਨ ਕੇ ਇਨ੍ਹਾਂ ਨੂੰ ਆਪੋ ਆਪਣੇ ਘਰੀਂ ਸੁਰੱਖਿਅਤ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਘੱਟੋ ਘੱਟ ਲੌਕਡਾਊਨ ਦੌਰਾਨ ਹੋਏ ਉਨ੍ਹਾਂ ਦੇ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।