ਅਸ਼ੋਕ ਵਰਮਾ
ਬਠਿੰਡਾ, 15 ਅਪ੍ਰੈਲ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੁੰਬਈ ਦੇ ਉਪਨਗਰ ਬਾਂਦਰਾ ਦੇ ਰੇਲਵੇ ਸਟੇਸ਼ਨ ਤੇ ਇਕੱਤਰ ਹੋਏ ਪ੍ਰਵਾਸੀ ਕਿਰਤੀਆਂ ‘ਤੇ ਕੱਲ ਸ਼ਾਮ ਵਰਤਾਏ ਗਏ ਪੁਲਸੀਆ ਕਹਿਰ ਦੀ ਜੋਰਦਾਰ ਨਿਖੇਧੀ ਕੀਤੀ ਹੈ।
ਇੱਕ ਬਿਆਨ ਰਾਹੀਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੇ ਜਿੱਥੋਂ ਤੱਕ ਸੰਭਵ ਹੋਇਆ ਲਾੱਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਅਸੂਲਾਂ ਦੀ ਪਾਲਣਾ ਕੀਤੀ ਪਰ ਅੰਤ ਨੂੰ ਭੁੱਖ ਸਾਹਮਣੇ ਹਾਰ ਗਏ ਅਤੇ ਆਪਣੀ ਅਤੇ ਆਪਣੇ ਬਾਲ-ਬੱਚਿਆਂ ਦੀ ਜਾਨ ਦੀ ਰਾਖੀ ਲਈ ਆਪੋ ਆਪਣੇ ਘਰਾਂ ਨੂੰ ਜਾਣ ਦੀ ਮੰਗ ਕਰਨ ਲਈ ਸੜਕਾਂ ਤੇ ਆਣ ਜੁੜੇ। ਉ੍ਵ ਆਖਿਆ ਕਿ ਇਸ ਬੇਬਸੀ ਨੂੰ ਗੁਨਾਹ ਦਾ ਦਰਜਾ ਦਿੰਦਿਆਂ ਪੁਲਸ ਨੇ ਇਨਾਂ ਮਜ਼ਦੂਰਾਂ ਤੇ ਅੰਨੇਵਾਹ ਲਾਠੀਚਾਰਜ ਕੀਤਾ ਜੋ ਕਿ ਅਤਿ ਨਿੰਦਣਯੋਗ ਹੈ।
ਉਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਪ੍ਰਤੀ ਸਰਕਾਰ ਦਾ ਠੀਕ ਇਹੋ ਜਿਹਾ ਹੀ ਅਮਾਨਵੀ ਵਿਹਾਰ ਗੁਜਰਾਤ ਸੂਬੇ ਦੇ ਸੂਰਤ ਸ਼ਹਿਰ ਵਿੱਚ ਵੀ ਸਾਰੇ ਦੇਸ਼ ਨੇ ਅੱਖੀਂ ਦੇਖਿਆ ਹੈਸਾਥੀ ਪਾਸਲਾ ਨੇ ਕਿਹਾ ਕਿ ਪਾਰਟੀ ਆਪਣੀ ਇਹ ਮੰਗ ਫਿਰ ਦੁਹਰਾਉਂਦੀ ਹੈ ਕਿ ਜੇ ਲਾੱਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਸੰਜੀਦਗੀ ਨਾਲ ਪਾਲਣਾ ਕਰਵਾਉਂਦੇ ਹੋਏ ਸਰਕਾਰ ਹਾਂ ਪੱਖੀ ਨਤੀਜੇ ਹਾਸਲ ਕਰਨ ਦੀ ਚਾਹਵਾਨ ਹੈ ਤਾਂ ਸਭ ਤੋਂ ਪਹਿਲਾਂ ਇਹ ਯਕੀਨੀ ਬਨਾਉਣਾ ਹੋਵੇਗਾ ਕਿ ਕੋਈ ਵੀ ਭੁੱਖੇ ਢਿੱਡ ਨਾ ਰਹੇ। ਉਨਾਂ ਮੌਜੂਦਾ ਦੁਖਦਾਈ ਅਵਸਥਾ ਲਈ ਮੋਦੀ ਸਰਕਾਰ ਦੀ ਨਿਰਦਈ ਪਹੁੰਚ ਨੂੰ ਜਿੰਮੇਵਾਰ ਠਹਿਰਾਉਂਦਿਆਂ ਮਹਾਰਾਸ਼ਟਰ ਸਰਕਾਰ ਦੀ ਵੀ ਜਬਰਦਸਤ ਨਿੰਦਿਆ ਕੀਤੀ।