ਅਸ਼ੋਕ ਵਰਮਾ
- ਮੰਡੀਆਂ ਅੰਦਰ ਦਾਖਲ ਹੁੰਦਿਆਂ ਹੀ ਟਰਾਲੀਆਂ ਸੈਨੇਟਾਈਜ਼
ਮਾਨਸਾ, 15 ਅਪ੍ਰੈਲ 2020 - ਮਾਨਸਾ ’ਚ ਕਣਕ ਵੇਚਣ ਲਈ ਆਏ ਕਿਸਾਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਫੁੱਲ ਭੇਂਟ ਕੀਤੇ ਸੁਚਾਰੂ ਖਰੀਦ ਦਾ ਭਰੋਸਾ ਦਿਵਾਇਆ। ਕਣਕ ਦੀ ਫਸਲ ਦੀ ਪਹਿਲੀ ਬੋਲੀ ਅੱਜ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਮੰਡੀਆਂ ਅੰਦਰ ਕਿਸਾਨਾਂ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਚਹਿਲ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਖਰੀਦ ਕੇਂਦਰਾਂ ਵਿੱੱਚ ਇਸ ਬਿਮਾਰੀ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਟਰਾਲੀ ਦੇ ਖਰੀਦ ਕੇਂਦਰ ਅੰਦਰ ਦਾਖਲ ਹੁੰਦਿਆਂ ਹੀ ਪੂਰੀ ਟਰਾਲੀ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਉਪਰੰਤ ਕਿਸਾਨ ਅਤੇ ਟਰਾਲੀ ਦੇ ਡਰਾਇਵਰ ਦੇ ਹੱਥ ਧੁਆਏ ਗਏ ਅਤੇ ਮੰਡੀ ਵਿੱਚ ਆਉਣ ’ਤੇ ਉਨਾਂ ਦਾ ਸਵਾਗਤ ਕਰਦਿਆਂ ਫੁੱਲ ਭੇਂਟ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਉਪਰੰਤ ਟਰਾਲੀ ਪਾਸ ਚੈਕ ਕੀਤੇ ਗਏ ਅਤੇ ਵਾਸ਼ ਬੇਸਿਨ ਨਾਲ ਚੰਗੀ ਤਰਾਂ ਕਿਸਾਨਾਂ ਦੇ ਹੱਥ ਧੁਆਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਅੰਦਰ ਪੇਂਟ ਨਾਲ 30 ਬਾਏ 30 ਦੇ ਖਾਣੇ ਬਣਾਏ ਗਏ ਹਨ ਜਿੱਥੇ ਇੱਕ ਟਰਾਲੀ ਦੀ ਫਸਲ ਰੱਖੀ ਜਾ ਸਕਦੀ ਹੈ।ਡਿਪਟੀ ਕਮਿਸ਼ਨਰ ਨੇ ਸਮੂਹ ਆੜਤੀਆਂ, ਕਿਸਾਨਾਂ, ਟਰੱਕ-ਟਰਾਲੀ ਡਰਾਇਵਰਾਂ ਅਤੇ ਲੇਬਰ ਨੂੰ ਹਦਾਇਤ ਕੀਤੀ ਇਸ ਬਿਮਾਰੀ ਤੋਂ ਬਚੇ ਰਹਿਣ ਲਈ ਹਰੇਕ ਵਿਅਕਤੀ ਆਪਣਾ ਮੂੰਹ ਢੱਕ ਕੇ ਰੱਖੇ।ਉਨਾਂ ਕਿਹਾ ਕਿ ਮੰਡੀਆਂ ਅੰਦਰ ਸਮਾਜਿਕ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਸ ਬਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਕਰ ਦਿੱਤੀਆਂ ਗਈਆਂ ਹਨ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ । ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕੋਈ ਵੀ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਾਅ ਸਬੰਧੀ ਕੀਤੇ ਜਾ ਰਹੇ ਕੰਮਾਂ ਵਿੱਚ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਜ਼ਿਲਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀਮਤੀ ਮਧੂ, ਡੀ.ਐਸ.ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ, ਜ਼ਿਲਾ ਮੰਡੀ ਅਫ਼ਸਰ ਸ਼ ਰਜਨੀਸ਼ ਗੋਇਲ ਅਤੇ ਸੈਕਟਰੀ ਮਾਰਕਿਟ ਕਮੇਟੀ ਮਾਨਸਾ ਚਮਕੌਰ ਸਿੰਘ ਤੋਂ ਇਲਾਵਾ ਆੜਤੀ ਅਤੇ ਕਿਸਾਨ ਮੌਜੂਦ ਸਨ।