ਅਸ਼ੋਕ ਵਰਮਾ
ਬਠਿੰਡਾ, 16 ਅਪਰੈਲ 2020 - ਸ਼ਿਵ ਸੈਨਾ ਹਿੰਦੋਸਤਾਨ ਨੇ ਪਟਿਆਲਾ ਵਿਖੇ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਡਿਊਟੀ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਸਰਾਰਤੀ ਅਨਸਰਾਂ ਵੱਲੋਂ ਕੀਤੇ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ। ਪਾਰਟੀ ਦੇ ਸੰਗਠਨ ਮੰਤਰੀ ਸੁਸੀਲ ਜਿੰਦਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਨੇ ਕਰਫਿਊ ਲਗਾਇਆ ਹੈ ਜਿਸ ਵਿੱਚ ਪੁਲਿਸ ਪ੍ਰਸਾਸਨ ਆਪਣੀ ਡਿਊਟੀ ਨਿਭਾਉਂਦਾ ਹੋਇਆ ਲੋਕਾਂ ਨੂੰ ਸਮਝਾ ਰਿਹਾ ਹੈ ਪਰ ਕੁੱਝ ਸ਼ਰਾਰਤੀ ਲੋਕਾਂ ਦੇ ਇਹ ਗੱਲ ਹਜਮ ਨਹੀਂ ਹੋ ਰਹੀ।
ਉਨਾਂ ਕਿਹਾ ਕਿ ਇਸ ਦੀ ਮਿਸਾਲ ਪੰਜਾਬ ਦੀਆਂ ਵੱਖ ਵੱਖ ਥਾਵਾਂ ’ਤੇ ਪੁਲਿਸ ਪਾਰਟੀ ’ਤੇ ਕੀਤੇ ਹਮਲੇ ਤੋਂ ਮਿਲਦੀ ਹੈ ਕਿਉਂਕਿ ਅਜਿਹੇ ਅਨਸਰ ਦੇਸ਼ ਦੇ ਵਸਿੰਦੇ ਨਹੀਂ ਸਗੋਂ ਦੁਸਮਣ ਹੋ ਸਕਦੇ ਹਨ ਜੋ ਸਰਕਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਪਾਲਣਾ ਕਰਵਾਉਣ ਵਾਲਿਆਂ ’ਤੇ ਜਾਨਲੇਵਾ ਹਮਲਾ ਕਰ ਰਹੇ ਹਨ। ਉਨਾਂ ਕਿਹਾ ਕਿ ਕਈ ਸਿਆਸੀ ਲੀਡਰ ਵੀ ਕੋਰੋਨਾ ਵਾਇਰਸ ’ਤੇ ਸਿਆਸਤ ਕਰ ਰਹੇ ਹਨ ਅਤੇ ਭੜਕਾਊ ਭਾਸ਼ਨ ਦੇ ਕੇ ਆਮ ਲੋਕਾਂ ਤੇ ਮੁਲਾਜਮ ਵਰਗ ਦੇ ਮਨਾਂ ਨੂੰ ਠੇਸ ਪਹੁੰਚਾ ਰਹੇ ਹਨ ਜੋ ਚੰਗੀ ਗੱਲ ਨਹੀਂ ਹੈ ਸਗੋਂ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਂਮਾਰੀ ਵਿਰੁੱਧ ਲੜਾਈ ਲੜਣੀ ਚਾਹੀਦੀ ਹੈ। ਉਨਾਂ ਮੰਗ ਕੀਤੀ ਕਿ ਅਜਿਹੇ ਲੋਕਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।