ਅਸ਼ੋਕ ਵਰਮਾ
- ਮਾਮਲਾ ਪਟਿਆਲਾ ’ਚ ਪੁਲਿਸ ਮੁਲਾਜਮਾਂ 'ਤੇ ਹਮਲੇ ਦਾ
ਬਠਿੰਡਾ, 16 ਅਪ੍ਰੈਲ 2020 - ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਅੱਜ ਪਟਿਆਲਾ ਜਿਲ੍ਹੇ ’ਚ ਨਹਿੰਗਾਂ ਵੱਲੋਂ ਪੁਲਿਸ ਤੇ ਕੀਤੇ ਹਮਲੇ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੱਢੀਆਂ ਕਥਿਤ ਗਾਲਾਂ ਨੂੰ ਗਲਤ ਕਰਾਰ ਦਿੱਤਾ। ਵਿਧਾਇਕ ਜਗਦੇਵ ਸਿੰਘ ਕਮਾਲੂ ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਟਿਆਲਾ ਜ਼ਿਲ੍ਹੇ ‘ਚ ਸਬਜ਼ੀ ਮੰਡੀ ’ਚ ਨਿਹੰਗਾਂ ਤੇ ਪੁਲਿਸ ਮੁਲਾਜ਼ਮਾਂ ‘ਚ ਹੋਈ ਤਕਰਾਰ ਬਾਅਦ ਇਕ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢਣ ਦੀ ਘਟਨਾ ਸਬੰਧੀ ਸਵਾਲ ਦਾ ਜਵਾਬ ਦੇ ਰਹੇ ਸਨ। ਵਿਧਾਇਕ ਨੇ ਅਸਿੱਧੇ ਢੰਗ ਨਾਲ ਨਹਿੰਗਾਂ ਵੱਲੋਂ ਹਮਲਾ ਕਰਨ ਲਈ ਵਰਤੇ ਹਥਿਆਰਾਂ ਨੂੰ ਵਾਜਬ ਠਹਿਰਾਇਆ।
ਉਨ੍ਹਾਂ ਆਖਿਆ ਕਿ ‘ਹਥਿਆਰ ਸਨ ਤਾਂ ਚੱਲਣੇ ਹੀ ਸੀ’। ਹਾਲਾਂਕਿ ਬਾਅਦ ’ਚ ਉਨਾਂ ਆਪਣੀ ਗੱਲ ਨੂੰ ਗੋਲ ਮੋਲ ਕਰਨਾ ਚਾਹਿਆ ਪਰ ਉਨਾਂ ਦਾ ਹਾਵ ਭਾਵ ਹਥਿਆਰ ਵਰਤਣ ਦੀ ਪ੍ਰੋੜਤਾ ਕਰਨ ਵਾਲਾ ਹੀ ਸੀ। ਉਨਾਂ ਆਖਿਆ ਕਿ ਜੇਕਰ ਨਹਿੰਗਾਂ ਨੇ ਪੁਲਿਸ ਦਾ ਨਾਕਾ ਜਬਰੀ ਤੋੜਿਆ ਸੀ ਤਾਂ ਪੁਲਿਸ ਕਾਰਵਾਈ ਕਰ ਸਕਦੀ ਸੀ ਉਸ ਨੂੰ ਕਥਿਤ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਥਿਤ ਗਾਲਾਂ ਕੱਢੀਆਂ ਤਾਂ ਮਾਮਲਾ ਏਨਾਂ ਵਧਿਆ ਹੈ। ਉਨਾਂ ਇਸ ਘਟਨਾਂ ਨੂੰ ਪੂਰੀ ਤਰਾਂ ਮੰਦਭਾਗੀ ਕਰਾਰ ਦਿੱਤਾ।
ਵਿਧਾਇਕ ਕਮਾਲੂ ਨੇ ਆਖਿਆ ਕਿ ਬਠਿੰਡਾ ਜਿਲੇ ’ਚ ਜਲੰਧਰ ਤੋਂ ਦੋ ਦਰਜਨ ਦੇ ਕਰੀਬ ਮਜਦਰ ਆਏ ਹਨ ਜਿੰਨਾਂ ਦੀ ਕਰੋਨਾ ਵਾਇਰਸ ਨਾਂਲ ਸਬੰਧਤ ਜਾਂਚ ਨਹੀਂ ਕਰਵਾਈ ਜੋਕਿ ਚਿੰਤਾਜਨਕ ਹੈ। ਉਨਾਂ ਆਖਿਆ ਕਿ ਇਹ ਮਾਮਲਾ ਬਠਿੰਡਾ ਜਿਲੇ ਨੂੰ ਮਹਿੰਗਾ ਪੈ ਸਕਦਾ ਹੈ ਜਦੋਂਕਿ ਇਸ ਤੋਂ ਪਹਿਲਾਂ ਕਰੋਨਾ ਵਾਇਰਸ ਤੋਂ ਬਚਾਅ ਰਿਹਾ ਹੈ। ਉਨਾਂ ਆਖਿਆ ਕਿ ਇਸ ਚਿੰਤਾ ਕਾਰਨ ਹੀ ਪਿਛਲੀ 13 ਅਪ੍ਰੈਲ ਤੋ ਅਧਿਕਾਰੀਆਂ ਨੂੰ ਜਾਣੂ ਕਰਵਾ ਰਹੇ ਹਨ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਹੈ।
ਵਿਧਾਇਕ ਨੇ ਸਵਾਲ ਕੀਤਾ ਕਿ ਜੋ ਬਠਿੰਡਾ ਜ਼ਿਲ੍ਹਾ ਅਜੇ ਤੱਕ ਸੁਰੱਖਿਅਤ ਹੈ ਉਸ ’ਚ ਕੋਰੋਨਾ ਪ੍ਰਭਾਵਿਤ ਜਲੰਧਰ ‘ਚੋ ਇਹ ਮਜਦੂਰ ਕਿਓਂ ਲਿਆਂਦੇ ਤੇ ਬਾਅਦ ’ਚ ਇਨ੍ਹਾਂ ਨੂੰ ਇਕਾਂਤਵਾਸ ‘ਚ ਕਿਉਂ ਨਹੀਂ ਭੇਜਿਆ ਗਿਆ ਜਦੋਂ ਕਿ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਇਹ ਲਾਜਮੀ ਸੀ। ਉਨਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਆ ਗਈ ਤਾਂ ਇਸ ਲਈ ਕੌਣ ਜਿੰਮੇਵਾਰ ਹੋਵੇਗਾ। ਓਧਰ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਕਿਹਾ ਕਿ ਜਰੂਰਤ ਮੁਤਾਬਕ ਬਾਹਰੋਂ 35 ਦੇ ਕਰੀਬ ਮਜ਼ਦੂਰ ਲਿਆਂਦੇ ਗਏ ਹਨ ਜਿਨ੍ਹਾਂ ਦੀ ਜਾਂਚ ਕਰਵਾਈ ਜਾ ਚੁੱਕੀ ਹੈ।