ਮਨਪ੍ਰੀਤ ਸਿੰਘ ਜੱਸੀ
- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਪਹਿਲਕਦਮੀ ਕਾਰਨ ਹੋਇਆ ਸੰਭਵ
ਅੰਮ੍ਰਿਤਸਰ, 16 ਅਪ੍ਰੈਲ 2020 - ਕੋਵਿਡ 19 ਕਾਰਨ ਦੇਸ਼ ਭਰ ਵਿਚ ਲਾਕ ਡਾਊਨ ਅਤੇ ਸਾਰੇ ਦੇਸ਼ਾਂ ਤੇ ਰਾਜਾਂ ਵੱਲੋਂ ਆਪਣੀਆਂ ਸਰਹੱਦਾਂ ਸੀਲ ਕਰ ਦੇਣ ਕਾਰਨ ਅੰਮ੍ਰਿਤਸਰ ਵਿਚ ਫਸੇ ਜੰਮੂ-ਕਸ਼ਮੀਰ ਦੇ 14 ਵਿਦਿਆਰਥੀ ਅੱਜ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਘਰਾਂ ਨੂੰ ਪਰਤੇ।
ਇਸਦੇ ਨਾਲ ਹੀ 41 ਪਾਕਿਸਤਾਨੀ ਜੋ ਕਿ ਅੰਮ੍ਰਿਤਸਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਫਸੇ ਸਨ, ਨੂੰ ਵੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਮਿਲੀ ਆਗਿਆ ਸਦਕਾ ਆਪਣੇ ਘਰ ਜਾਣਾ ਨਸੀਬ ਹੋਇਆ।
ਐਸ ਡੀ ਐਮ ਸ਼ਿਵਰਾਜ ਸਿੰਘ ਬੱਲ ਨੇ ਦੱਸਿਆ ਕਿ ਇਹ 14 ਵਿਦਿਆਰਥੀ ਪਿਛਲੇ 28 ਦਿਨਾਂ ਤੋਂ ਅੰਮ੍ਰਿਤਸਰ ਵਿਚ ਰਹਿ ਰਹੇ ਸਨ ਅਤੇ ਜੰਮੂ-ਕਸ਼ਮੀਰ ਦੀ ਹੱਦ ਸੀਲ ਹੋਣ ਕਾਰਨ ਆਪਣੇ ਘਰ ਨਹੀਂ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਦੀਆਂ ਵਿਸ਼ੇਸ਼ ਹਦਾਇਤਾਂ ਉਤੇ ਨੇ ਇੰਨ੍ਹਾਂ ਬੱਚਿਆਂ ਨੂੰ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦਿੱਤੀ ਹੋਈ ਸੀ, ਪਰ ਉਨਾਂ ਵੱਲੋਂ ਘਰ ਜਾਣ ਦੀ ਕੀਤੀ ਮੰਗ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਢਿੱਲੋਂ ਨੇ ਰਾਜ ਸਰਕਾਰ ਰਾਹੀਂ ਜੰਮੂ-ਕਸ਼ਮੀਰ ਸਰਕਾਰ ਨਾਲ ਰਾਬਤਾ ਬਣਾਇਆ ਅਤੇ ਉਨਾਂ ਨੇ ਸਾਰੇ ਬੱਚਿਆਂ ਦਾ ਕੋਵਿਡ ਟੈਸਟ ਕਰਵਾਉਣ ਦੀ ਮੰਗ ਰੱਖੀ।
ਸਾਰੇ ਵਿਦਿਆਰਥੀਆਂ ਦਾ ਟੈਸਟ ਕੀਤਾ ਗਿਆ, ਜੋ ਕਿ ਆਸ ਦੀ ਤਰ੍ਹਾਂ ਨੈਗੇਟਿਵ ਹੀ ਆਇਆ, ਜਿਸ ਸਦਕਾ ਉਹ ਇੰਨ੍ਹਾਂ ਬੱਚਿਆਂ ਨੂੰ ਲੈਣ ਲਈ ਰਾਜ਼ੀ ਹੋਏ। ਅੱਜ ਪੰਜਾਬ ਰੋਡਵੇਜ਼ ਦੀ ਵਿਸ਼ੇਸ਼ ਬੱਸ ਭੇਜ ਕੇ ਇੰਨ੍ਹਾਂ ਵਿਦਿਆਰਥੀਆਂ ਨੂੰ ਲਖਨਪੁਰ ਸਰਹੱਦ ਤੱਕ ਛੱਡਿਆ ਗਿਆ, ਜਿਥੋਂ ਜੰਮੂ-ਕਸ਼ਮੀਰ ਸਰਕਾਰ ਨੇ ਬੱਸ ਭੇਜ ਕੇ ਇੰਨ੍ਹਾਂ ਬੱਚਿਆਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਦਾ ਬੰਦੋਬਸਤ ਕੀਤਾ। ਇੰਨ੍ਹਾਂ ਵਾਪਸ ਗਏ ਬੱਚਿਆਂ ਨੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਅਤੇ ਘਰ ਵਾਪਸੀ ਲਈ ਚੁੱਕੇ ਕਦਮਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇੰਨ੍ਹਾਂ ਸਦਕਾ ਹੀ ਸਾਨੂੰ ਘਰ ਜਾਣਾ ਨਸੀਬ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਾਕਿਸਤਾਨ ਵੱਲੋਂ ਹੱਦ ਸੀਲ ਕੀਤੀ ਹੋਣ ਕਾਰਨ 41 ਪਾਕਿਸਤਾਨੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਸਨ, ਨੂੰ ਅੱਜ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਹਿਮਤੀ ਦਿੱਤੇ ਜਾਣ ਕਾਰਨ ਸਰਹੱਦੀ ਗੇਟ ਖੋਲ੍ਹ ਕੇ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੇ ਵੀ ਪੰਜਾਬ ਸਰਕਾਰ ਦੇ ਨਾਲ-ਨਾਲ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀ ਇਸ ਪਹਿਲ ਕਦਮੀ ਦੀ ਰੱਜਵੀਂ ਤਾਰੀਫ਼ ਕੀਤੀ, ਜਿਨ੍ਹਾਂ ਸਦਕਾ ਉਹ ਆਪਣੇ ਘਰ ਪਹੁੰਚ ਸਕਣਗੇ।