ਅਸ਼ੋਕ ਵਰਮਾ
ਮਾਨਸਾ 17 ਅਪ੍ਰੈਲ 2020 - ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਪੰਜਾਬ ਨੇ ਕਰੋਨਾ ਵਾਇਰਸ ਵਰਗੀ ਖਤਰਨਾਕ ਮਹਾਂਮਾਰੀ ਖਿਲਫਾ ਲੜਾਈ ਲੜਨ ਵਾਲਿਆਂ ਨੂੰ ਮੁਲਕ ਦੇ ਅਸਲੀ ਹੀਰੋ ਕਕਰਾਰ ਦਿੰਦਿਆਂ ਬਹਾਦਰ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਵਰਕਰਾਂ, ਸਫਾਈ ਕਰਮਚਾਰੀਆਂ, ਪੁਲਸ ਮੁਲਾਜਮਾਂ ਅਤੇ ਹੋਰ ਅਨੇਕਾਂ ਤਰਾਂ ਦੇ ਕਾਮਿਆਂ ਦੀ ਅਣਥੱਕ ਘਾਲਣਾ ਨੂੰ ਸਲਾਮ ਕੀਤੀ ਹੈ। ਜੱਥੇਬੰਦੀ ਨੇ ਆਖਿਆ ਹੈ ਕਿ ਇਸ ਸਮੇਂ ਸੁਰੱਖਿਆ ਪ੍ਰਬੰਧਾਂ ਦੀ ਰੜਕਵੀਂ ਘਾਟ ਦੇ ਬਾਵਜੂਦ ਆਪਣੀਆਂ ਜਾਂਨਾਂ ਜੋਖਮ ਚ ਪਾ ਕੇ ਕਰੋਨਾ ਖਿਲਾਫ ਜੰਗ ਲੜਨਾ ਕੋਈ ਸੌਖਾਲਾ ਨਹੀਂ ਹੈ ਫਿਰ ਵੀ ਜੋ ਕਾਰਜ ਇਹ ਲੋਕ ਕਰ ਰ ਰਹੇ ਹਨ ੳਸ ਨਾਲ ਅੱਜ ਦੇਸ਼ ਦੇ ਉਨਾਂ ਦਾ ਰਿਣੀ ਹੈ ਅਤੇ ਹਮੇਸ਼ਾ ਹੀ ਰਹੇਗਾ।
ਲੌਕ ਡਾਉਨ ਦੀ ਸਭ ਤੋਂ ਵੱਧ ਮਾਰ ਗਰੀਬ ਕਿਰਤੀ ਕਾਮਿਆਂ ਅਤੇ ਛੋਟੇ ਮੋਟੇ ਧੰਦੇ ਕਰ ਕੇ ਗੁਜਾਰਾ ਕਰਨ ਵਾਲੇ ਮਿਹਨਤੀ ਲੋਕਾਂ ਤੇ ਪਈ ਹੈ। ਘਰਾਂ ‘ਚ ਬੰਦ ਅਤੇ ਕੰਮ ਠੱਪ ਹੋਣ ਨਾਲ ਉਹ ਭੁੱਖ ਮਰੀ ਦੇ ਖਤਰੇ ਹੇਠ ਆ ਗਏ ਹਨ। ਅਜਿਹੀ ਹਾਲਤ ਚ ਵੱਡੇ ਵੱਡੇ ਸਰਕਾਰੀ ਦਾਅਵਿਆਂ ਦੇ ਉਲਟ ਰਾਸ਼ਨ ਪਾਣੀ ਦੀ ਕੁਝ ਲੰਗੇ ਡੰਗ ਮਿਲਦੀ ਸਰਕਾਰੀ ਮਦਦ ਚ ਜੋ ਬਾਂਦਰ ਵੰਡ, ਵਿਤਕਰੇ ਤੇ ਅਣਦੇਖੀਆਂ ਹੋ ਰਹੀਆਂ ਹਨ, ਉਹ ਨਿਖੇਧੀ ਯੋਗ ਹਨ।
ਪ੍ਰੈਸ ਦੇ ਨਾ ਇਹ ਬਿਆਨ ਜਾਰੀ ਕਰਦੇ ਹੋਏ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਕੁਲਵੰਤ ਰਾਏ ਪੰਡੋਰੀ, ਖਜਾਨਚੀ ਐਚ ਐਸ ਰਾਣੂ, ਚੇਅਰਮੈਨ ਦਿਲਦਾਰ ਸਿੰਘ ਚਾਹਲ, ਐਡਵਾਈਜਰ ਸੁਰਜੀਤ ਸਿੰਘ, ਐਡਵਾਈਜਰ ਜਸਵਿੰਦਰ ਸਿੰਘ ਭੋਗਲ, ਪਰੈਸ ਸਕੱਤਰ ਮਲਕੀਤ ਥਿੰਦ, ਮੀਤ ਪ੍ਰਧਾਨ ਗੁਰਮੇਲ ਸਿੰਘ ਆਦਿ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਂਵਾਂ, ਜਨਤਕ ਜਥੇਬੰਦੀਆਂ, ਧਾਰਮਿਕ ਸੰਸਥਾਂਵਾਂ ਅਤੇ ਹੋਰ ਦਾਨੀ ਸੱਜਣ ਜਿੰਨਾਂ ਨੇ ਇਸ ਮੁਸੀਬਤ ਦੀ ਘੜੀ ਚ ਗਰੀਬਾਂ ਦੀ ਬਾਂਹ ਫੜੀ ਹੈ ਉਹ ਵੀ ਬਿਨਾ ਕਿਸੇ ਸਿਆਸੀ ਲਾਹੇ ਤੋਂ ਇਸ ਲਈ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਇਹ ਸਭ ਸੱਜਣ ਪ੍ਰਸੰਸਾ ਦੇ ਪਾਤਰ ਹਨ।
ਉਨਾਂ ਆਖਿਆ ਕਿ ਦੇਸ਼ ਦੀ ਖੇਤੀ, ਉਦਯੋਗ ਤੇ ਸਭ ਕਾਰੋਬਾਰਾਂ ਦੀ ਰੀੜ ਦੀ ਹੱਢੀ ਬਣ ਚੁੱਕੇ ਪਰਵਾਸੀ ਮਜਦੂਰਾਂ ਦੀ ਹਾਲਤ ਇਸ ਮੌਕੇ ਸਭ ਤੋਂ ਜਿਆਦਾ ਖਰਾਬ ਹੋਈ ਹੈ। ਉਨਾਂ ਕਿਹਾ ਕਿ ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਇਕ ਦਮ ਰੇਲ ਗੱਡੀਆਂ ਤੇ ਬੱਸਾਂ ਆਦਿ ਬੰਦ ਕਰਕੇ ਇੱਕ ਤਾਂ ਉਨਾਂ ਨੂੰ ਆਪੋ ਆਪਣੇ ਘਰਾਂ ਚ ਪਹੁੰਚਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਜਦੋਂਕਿ ਦੂਸਰਾ ਗੰਭੀਰ ਪਹਿਲੂ ਹੈ ਕਿ ਸਹਾਇਤਾ ਮਿਲਣ ਦੇ ਮਾਮਲੇ ਚ ਵੀ ਇਹੀ ਲੋਕ ਸਭ ਤੋਂ ਵੱਧ ਵਿਤਕਰੇ ਤੇ ਧੱਕੇ ਦਾ ਸ਼ਿਕਾਰ ਹੋ ਰਹੇ ਹਨ।
ਆਗੂਆਂ ਨੇ ਕਿਹਾ ਕਿ ਭੁੱਖ ਅਤੇ ਦੁੱਖਾਂ ਹੱਥੋਂ ਅੱਕ ਕੇ ਸਖਤ ਲੌਕਡਾਉਨ ਦੇ ਬਾਵਜੂਦ ਪਹਿਲਾਂ ਦਿੱਲੀ, ਫਿਰ ਸੂਰਤ. (ਗੁਜਰਾਤ) ਤੇ ਹੁਣ ਮੁੰਬਈ ਦੇ ਹਜਾਰਾਂ ਮਜਦੂਰਾਂ ਦਾ ਪਿੰਡਾਂ ਨੂੰ ਜਾਣ ਲਈ ਸੜਕਾਂ ਤੇ ਨਿਕਲ ਆਉਣਾ ਉਨਾਂ ਦੀ ਦੁਰਦਸ਼ਾ ਦੇ ਵੱਡੇ ਸਬੂਤ ਹਨ। ਇਸ ਸਥਿਤੀ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਹੈ ਕਿ ਸਰਕਾਰ ਮਜਦੂਰਾਂ, ਛੋਟੇ ਦੁਕਾਨਾਦਾਰਾਂ ਅਤੇ ਮੱਧ ਵਰਗੀ ਲੋਕਾਂ ਨੂੰ ਇਸ ਸੰਕਟ ਚੋਂ ਕਢੱਣ ਲਈ ਢੁਕਵੇਂ ਪ੍ਰਬੰਧ ਕਰੇ ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਚ ਉਨਾਂ ਦੇ ਮੈਂਬਰ ਵੀ ਕਰੋਨਾ ਖਿਲਾਫ ਇਸ ਜੰਗ ਚ ਆਪਣੇ ਯੋਗਦਾਨ ਤਹਿਤ ਗਰੀਬ ਲੋਕਾਂ ਨੂੰ ਮੁਫਤ ਵਾਂਗ ਮੁਢਲੀਆਂ ਸਿਹਤ ਸੇਵਾਵਾਂ ਦਿੰਦੇ ਹੋਏ ਸਮਰੱਥਾ ਮੁਤਾਬਕ ਰਾਸ਼ਨ ਪਾਣੀ, ਮਾਸਕ, ਸੈਨੇਟਾਇਜਰ ਆਦਿ ਦੀ ਮੱਦਦ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਆਗੂਆਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਉਨਾਂ ਨੂੰ ਵਲੰਟੀਅਰ ਵਜੋਂ ਕੰਮ ਕਰਨਾ ਦੀ ਇਜਾਜਤ ਦੇਵੇ।