ਹਰੀਸ਼ ਕਾਲੜਾ
- ਸਿਵਲ ਹਸਪਤਾਲ ਨੰਗਲ ਵਿਖੇ ਤਿਆਰ ਕੀਤਾ ਗਿਆ ਹੈ 36 ਬੈਡ ਦਾ ਆਈਸੋਲੇਸ਼ਨ ਵਾਰਡ
ਨੰਗਲ, 18 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਿਹਤ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਸਿਵਲ ਹਸਪਤਾਲ ਨੰਗਲ ਵਿਖੇ ਜਿੱਥੇ 36 ਬੈਡ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ ਉੱਥੇ ਹਸਪਤਾਲ ਵਿਖੇ ਹੋਰ ਵੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਸਿਵਲ ਹਸਪਤਾਲ ਨੰਗਲ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ । ਇਸ ਮੌਕੇ ਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਅਤੇ ਐਸ ਐਸ ਪੀ ਸਵਪਨ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਵੈਂਟੀਲੇਟਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ 01-02 ਜ਼ਿਲਿਆਂ ਪਿੱਛੇ ਇੱਕ ਕਾਮਨ ਸੈਂਟਰ ਬਣਾਇਆ ਗਿਆ ਹੈ।ਇਸ ਦੇ ਲਈ ਜ਼ਿਲ੍ਹਾ ਰੂਪਨਗਰ ਨੂੰ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਨਾਲ ਜ਼ੋੜਿਆ ਗਿਆ ਹੈ ਜਿੱਥੇ ਲੋੜ ਪੈਣ ਤੇ ਕਰੋਨਾ ਪਾਜ਼ਟਿਵ ਮਰੀਜ਼ਾਂ ਦੇ ਇਲਾਜ ਅਤੇ ਵੈਂਟੀਲੇਟਰ ਸਬੰਧੀ ਸਾਰੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਸਧਾਰਣ ਲੜਾਈ ਨਹੀ ਇਸ ਨਾਲ ਨਜਿੱਠਣ ਲਈ ਸਮਾਜ ਦੇ ਹਰੇਕ ਵਰਗ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰੱਬ ਨਾ ਕਰੇ ਜੇਕਰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਤਾਂ ਸਰਕਾਰ ਵੱਲੋਂ ਇਸਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਸ਼ੋਸ਼ਲ ਡਿਸਟੈਂਸ ਹੈ। ਸਾਨੂੰ ਮਾਸਕ, ਸੈਨੀਟਾਈਜ਼ਰ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਅਜੀਹੀ ਜੰਗ ਹੈ ਜ਼ੋ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਲੜੀ ਜਾ ਸਕਦੀ ਹੈ ਅਤੇ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਮੂਹ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਕਰਫਿਊ ਦੇ ਨਿਯਮਾਂ ਦਾ ਪਾਲਣ ਕਰਨ। ਸਰਕਾਰ ਵੱਲੋਂ ਇਹ ਕਰਫਿਊ ਸਾਡੀ ਬੇਹਤਰੀ ਲਈ ਲਗਾਇਆ ਗਿਆ ਹੈ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਐਸ ਡੀ ਐਮ ਨੰਗਲ ਹਰਪ੍ਰੀਤ ਸਿੰਘ ਅਟਵਾਲ,ਸਿਵਲ ਸਰਜਨ ਐਚ. ਐਨ. ਸ਼ਰਮਾ, ਡੀ. ਐਫ. ਐਸ.ੳ. ਪਰਮਜੀਤ ਕੌਰ, ਥਾਣਾ ਨੰਗਲ ਮੁੱਖੀ ਪਵਨ ਚੋਧਰੀ ਆਦਿ ਵੀ ਹਾਜਰ ਸਨ।