- ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ ਤੱਕ 14745 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ
ਅਸ਼ੋਕ ਵਰਮਾ
ਬਠਿੰਡਾ, 18 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ’ਚ ਕਣਕ ਦੀ ਫ਼ਸਲ ਵੇਚਣ ਲਈ ਹੁਣ ਤੱਕ ਕਿਸਾਨਾਂ ਨੂੰ 25655 ਪਾਸ ਜਾਰੀ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਦਿੱਤੀ। ਉਨਾਂ ਦੱਸਿਆ ਕਿ ਜ਼ਿਲੇ ਅਧੀਨ ਪੈਂਦੀਆਂ 10 ਮਾਰਕਿਟ ਕਮੇਟੀਆਂ ਵਲੋਂ ਜ਼ਿਲੇ ’ਚ 442 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਉਨਾਂ ਦੱਸਿਆ ਕਿ 18 ਅਪ੍ਰੈਲ ਲਈ 5885, ਮਿਤੀ 19 ਅਪ੍ਰੈਲ ਲਈ 6655 ਅਤੇ ਮਿਤੀ 20 ਅਪ੍ਰੈਲ ਲਈ 6885 ਪਾਸ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਜ਼ਿਲੇ ’ਚ ਸ਼ੁੱਕਰਵਾਰ ਦੀ ਸ਼ਾਮ ਤੱਕ 14745 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਉਨਾਂ ਸਾਰੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਿਯਮ ਤੌਰ ’ਤੇ ਮੰਡੀਆਂ ’ਚ ਜਾਣ ਤੇ ਮੰਡੀ ਵਿਚ ਆਈ ਜਿਣਸ ਦਾ ਭਾਅ ਲਗਾਉਣ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆੜਤੀਏ ਤੋਂ ਪਾਸ ਪ੍ਰਾਪਤ ਕਰਨ ਤੋਂ ਬਾਅਦ ਹੀ ਨਿਰਧਾਰਤ ਦਿਨ ਅਤੇ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਆਉਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਮੰਡੀ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਪਨਗ੍ਰੇਨ ਵਲੋਂ 3796 ਮੀਟ੍ਰਿਕ ਟਨ, ਐਫ਼.ਸੀ.ਆਈ. ਵਲੋਂ 90 ਮੀਟ੍ਰਿਕ ਟਨ, ਮਾਰਕਫ਼ੈਡ ਵਲੋਂ 5143 ਮੀਟ੍ਰਿਕ ਟਨ, ਪਨਸਪ ਵਲੋਂ 3143 ਮੀਟ੍ਰਿਕ ਟਨ ਅਤੇ ਵੇਅਰਹਾਉਸ ਵਲੋਂ 2573 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਪਿੰਡ ਕੋਟਫੱਤਾ ਦੇ ਕਿਸਾਨ ਮਨਜਿੰਦਰ ਸਿੰਘ ਨੇ ਆਪਣੀ ਫ਼ਸਲ ਵੇਚਣ ਤੋਂ ਬਾਅਦ ਦੱਸਿਆ ਕਿ ਉਹ ਸਵੇਰੇ ਹੀ ਮੰਡੀ ਵਿਚ ਕਣਕ ਲੈ ਕੇ ਆਇਆ ਸੀ ਅਤੇ ਉਸੇ ਹੀ ਦਿਨਾ ਉਸ ਦੀ ਫ਼ਸਲ ਤੁੱਲ ਗਈ। ਉਸ ਨੇ ਸਰਕਾਰ ਵਲੋਂ ਕੀਤੇ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ।
ਜ਼ਿਲਾ ਮੰਡੀ ਅਫ਼ਸਰ ਨੇ ਹੋਰ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਹੱਥ ਧੋਣ ਦੀ ਵਿਵਸਥਾ, ਛਾਂ ਅਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਕਿਸਾਨਾਂ ਅਤੇ ਲੇਬਰ ਵਲੋਂ ਸਮਾਜਿਕ ਦੂਰੀ ਨੂੰ ਪੂਰੀ ਤਰਾਂ ਬਰਕਰਾਰ ਰੱਖਿਆ ਜਾ ਰਿਹਾ ਹੈ।