ਅਸ਼ੋਕ ਵਰਮਾ
ਮਾਨਸਾ, 18 ਅਪ੍ਰੈਲ 2020 - ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਵਿਡ-19 ਕੋਰੋਨ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ 3 ਮਈ ਤੱਕ ਪੂਰੇ ਰਾਜ ਵਿੱਚ ਕਰਫਿਊ ਲਾਗੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦਵਾਈਆਂ ਦੀ ਸਪਲਾਈ ਜ਼ਰੂਰੀ ਸੇਵਾਵਾਂ ਵਿੱਚ ਆਉਣ ਕਾਰਨ ਪਹਿਲਾਂ ਜਾਰੀ ਕੀਤੇ ਹੁਕਮਾਂ ਰਾਹੀਂ ਜ਼ਿਲ੍ਹੇ ਦੀਆਂ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ।
ਡਿਪਟੀ ਕਮਿਸ਼ਨਰ ਚਹਿਲ ਨੇ ਦੱਸਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ ਕਿ ਸਾਰੇ ਜ਼ਿਲੇ (ਪੇਂਡੂ ਅਤੇ ਸ਼ਹਿਰੀ) ਦੀਆਂ ਰਿਟੇਲ ਅਤੇ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਬਦਲ ਕੇ ਸਵੇਰੇ 5 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਹੁਕਮ ਵਿੱਚ ਕਿਹਾ ਕਿ ਇਸ ਤੋਂ ਇਲਾਵਾ ਕਿਸੇ ਵੀ ਦਵਾਈਆਂ ਦੀ ਦੁਕਾਨ ਦੇ ਅੰਦਰ 3 ਵਿਅਕਤੀਆਂ (1 ਮਾਲਕ 2 ਸਹਾਇਕ) ਤੋਂ ਜ਼ਿਆਦਾ ਦਵਾਈ ਵਿਕਰੇਤਾ ਕਿਸੇ ਵੀ ਹਾਲਤ ਵਿੱਚ ਹਾਜ਼ਰ ਨਹੀਂ ਰਹਿਣਗੇ ਅਤੇ ਉਹ ਹਰ ਸਮੇਂ ਮਾਸਕ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਦੁਕਾਨਾਂ ਖੋਲਣ ਦੀ ਛੋਟ ਸਿਰਫ਼ ਦਵਾਈਆਂ ਦੀ ਹੋਮ ਡਿਲੀਵਰੀ ਲਈ ਹੀ ਹੋਵੇਗੀ।