ਸੀਨੀਅਰ ਪੱਤਰਕਾਰ ਨੂੰ ਡਿਊਟੀ ਜਾਂਦਿਆਂ ਅਗਵਾ ਕਰਕੇ ਗੱਡੀ 'ਚ ਸੁੱਟਿਆ , ਨਜਾਇਜ਼ ਹਿਰਾਸਤ 'ਚ ਰੱਖਿਆ ਤੇ ਬੇਇੱਜ਼ਤ ਕੀਤਾ ਚੰਡੀਗੜ੍ਹ ਪੁਲਿਸ ਨੇ
ਪੱਤਰਕਾਰ ਭਾਈ ਚਾਰੇ 'ਚ ਤਿੱਖਾ ਰੋਸ - ਦੋਸ਼ੀ ਪੁਲਿਸ ਅਧਿਕਾਰੀ ਖ਼ਿਲਾਫ਼ ਕਰਵਾਈ ਦੀ ਮੰਗ
ਚੰਡੀਗੜ੍ਹ 19 ਅਪ੍ਰੈਲ,2020 : ਚੰਡੀਗੜ੍ਹ ਪੁਲਿਸ ਦੇ ਇੱਕ ਭੂਸਰੇ ਥਾਣੇਦਾਰ ਤੇ ਉਸਦੀ ਟੀਮ ਨੇ ਕੱਲ੍ਹ 18 ਅਪ੍ਰੈਲ ਨੂੰ ਧੱਕੇਸ਼ਾਹੀ ਕਰਦਿਆਂ ਪੰਜਾਬ ਦੇ ਨਾਮੀ ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਰਿਪੋਰਟਰ ਦਵਿੰਦਰਪਾਲ ਸਿੰਘ ਨੂੰ ਉਸ ਵੇਲੇ ਅਗਵਾ ਕਰਕੇ ਪੁਲਿਸ ਦੀ ਗੱਡੀ 'ਚ ਸਿੱਟ ਕੇ, ਗੰਦੀਆਂ ਗਾਲ੍ਹਾਂ ਦੇ ਕੇ ਬੇਇੱਜ਼ਤ ਕਰ ਕੇ ਥਾਣੇ 'ਚ ਲਿਜਾ ਕੇ ਗ਼ੈਰ-ਕਾਨੂੰਨੀ ਹਿਰਾਸਤ 'ਚ ਰੱਖਿਆ ਜਦੋਂ ਟ੍ਰਿਬਿਊਨ ਦਫ਼ਤਰ ਆਪਣੀ ਡਿਊਟੀ ਤੇ ਜਾ ਰਿਹਾ ਸੀ .ਉਸ ਵੱਲੋਂ ਗੱਲ ਵਿਚ ਪਾਇਆ ਆਪਣਾ ਟ੍ਰਿਬਿਊਨ ਦਾ ਆਈ ਕਾਰਡ ਦਿਖਾਏ ਜਾਣ ਅਤੇ ਆਪਣੀ ਪਛਾਣ ਦੱਸੇ ਜਾਣ ਦੇ ਬਾਵਜੂਦ ਵੀ ਉਸ ਥਾਣੇਦਾਰ ਨੇ ਦਵਿੰਦਰਪਾਲ ਨੂੰ ਪੁਲਿਸ ਦੇ ਬਲੇਰੋ ਗੱਡੀ ਵਿਚ ਲਿਆ ,ਰਸਤੇ ਵਿਚ ਅਤੇ ਥਾਣੇ ਜਾ ਕੇ ਵੀ ਥਾਣੇ ਬੇਇੱਜ਼ਤ ਕੀਤਾ . ਕਾਫ਼ੀ ਦੇਰ ਥਾਣੇ ਵਿਚ ਜ਼ਮੀਨ ਤੇ ਬਿਠਾਈ ਰੱਖਣ ਦੇ ਬਾਅਦ ਉੱਚ ਅਧਿਕਾਰੀਆਂ ਦੇ ਦਖ਼ਲ ਨਾਲ ਉਸ ਨੂੰ ਰਿਹਾ ਕੀਤਾ ਗਿਆ .
ਦਵਿੰਦਰਪਾਲ ਨੇ ਦੱਸਿਆ , " ਮੈਂ 18 ਅਪ੍ਰੈਲ ਨੂੰ ਸਵਾ ਕੁ ਚਾਰ ਕੁ ਵਜੇ ਉਹ ਆਪਣੇ 27 ਸੈਕਟਰ ਵਿਚਲੇ ਘਰੋਂ ਰੋਜ਼ਾਨਾ ਵਾਂਗ ਆਪਣੀ ਡਿਊਟੀ ਨਿਭਾਉਣ ਲਈ ਟ੍ਰਿਬਿਊਨ ਦਫ਼ਤਰ ਵੱਲ ਪੈਦਲ ਜਾ ਰਿਹਾ ਸੀ.
ਮੇਰੇ ਗਲ ਵਿੱਚ ਬਾਕਾਇਦਾ ਟ੍ਰਿਬਿਊਨ ਦਾ ਆਈ ਡੀ ਕਾਰਡ ਪਾਇਆ ਹੋਇਆ ਸੀ। ਅਚਾਨਕ ਸੈਕਟਰ 29 ਅਤੇ 30 ਦੀਆਂ ਬੱਤੀਆਂ ਤੇ ਇੰਡਸਟਰੀਅਲ ਏਰੀਏ ਦੇ ਐਸ ਐਚ ਓ ਦੀ ਬੋਲੈਰੋ ਗੱਡੀ ਨੇ ਮੇਰੇ ਕੋਲ ਆਕੇ ਬਰੇਕਾਂ ਮਾਰੀਆਂ ਤੇ ਮੇਰੇ ਕੰਨਾਂ ਵਿੱਚ ਗਰਜਵੀ ਅਵਾਜ਼ ਪਈ, “ ਕੌਣ ਹੈਂ ਓਏ ਤੂੰ ਤੇ ਕਿੱਧਰ ਜਾ ਰਿਹਾ ਹੈ? “
ਮੈ ਸਹਿਜ ਮਤੇ ਨਾਲ ਆਪਣੇ ਗਲ ਵਿੱਚ ਪਾਏ ਪਛਾਣ ਕਾਰਡ ਨੂੰ ਹੱਥ ਵਿੱਚ ਫੜਕੇ ਵਿਖਾਉਂਦਿਆਂ ਕਿਹਾ ਕਿ ਮੈ ਪੱਤਰਕਾਰ ਹਾਂ ਤੇ ਟ੍ਰਿਬਿਊਨ ਦਫ਼ਤਰ ਡਿਊਟੀ ‘ਤੇ ਜਾ ਰਿਹਾ ਹਾਂ ..
ਪਰ ਬਿਨਾਂ ਕੋਈ ਗੱਲ ਸੁਣੇ ਤੇ ਬਿਨਾਂ ਸੁਆਲ ਪੁੱਛੇ ਥਾਣੇਦਾਰ ਨੇ ਗਾਲ੍ਹਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ ਤੇ ਕਿਹਾ ਸਿੱਧਾ ਹੋਕੇ ਗੱਡੀ ਵਿੱਚ ਬੈਠਦਾ ਹੈਂ ਕਿ ਸੜਕ ‘ਤੇ ਹੀ ਚਿੱਤੜ ਕਟਵਾਉਣੇ ਨੇ ? ਮੈਂ ਪਹਿਲਾਂ ਤਾਂ ਥੋੜ੍ਹਾ ਵਿਰੋਧ ਕੀਤਾ ਪਰ ਮੈਨੂੰ ਲੱਗਿਆ ਹੁਣ ਬਹਿਸ ਦਾ ਫ਼ਾਇਦਾ ਨਹੀਂ ."
ਆਪਣੀ ਹੱਡਬੀਤੀ ਸੁਣਾਉਂਦਿਆਂ ਦਵਿੰਦਰਪਾਲ ਨੇ ਅੱਗੇ ਦੱਸਿਆ ਕਿ ਧੂਹ ਕੇ ਥਾਣੇਦਾਰ ਨੇ ਉਹਨੂੰ ਬਲੈਰੋ ਵਿੱਚ ਸੁੱਟ ਲਿਆ। ਗੱਡੀ ਵਿਚ ਕੋਈ ਇੱਕ ਹੋਰ ਬੰਦਾ ਵੀ ਫੜ ਕੇ ਬਿਠਾਇਆ ਹੋਇਆ ਸੀ .ਇਹ ਵੀ ਪਤਾ ਨਹੀਂ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਸੀ ਜਾਂ ਨਹੀਂ .ਗੱਡੀ ਵਿਚ ਚਾਰ ਪੁਲਿਸ ਵਾਲੇ ਹੋਰ ਬੈਠੇ ਸਨ , ਕੋਈ ਸੋਸ਼ਲ ਡਿਸਟੈਂਸਿੰਗ ਦੀ ਪ੍ਰਵਾਹ ਨਹੀਂ ਸੀ .
ਦਵਿੰਦਰਪਾਲ ਅਨੁਸਾਰ , ਉਸ ਨੇ ਰਸਤੇ ਵਿੱਚ ਜਾਂਦਿਆਂ ਆਪਣੇ ਮੋਬਾਈਲ ਤੋਂ ਪੰਜਾਬ ਸਰਕਾਰ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀਆਂ , ਆਪਣੇ ਸੰਪਾਦਕ, ਪੱਤਰਕਾਰ ਸਾਥੀਆਂ ਤੇ ਕੁੱਝ ਦੋਸਤਾਂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦੇ ਸੁਨੇਹੇ ਵੀ ਭੇਜ ਦਿੱਤੇ। ਥਾਣੇ ਲਿਜਾ ਕੇ ਵੀ ਉਸ ਨਾਲ ਮੁਜਰਮਾਂ ਵਰਗਾ ਵਿਹਾਰ ਕੀਤਾ ਤੇ ਉਸ ਨੂੰ ਭੁੰਜੇ ਬੈਠਣ ਲਈ ਮਜਬੂਰ ਕੀਤਾ ਗਿਆ .
ਜਦੋਂ ਉੱਤੋਂ ਫ਼ੋਨ ਤਾਂ ਖੜਕਣੇ ਸ਼ੁਰੂ ਹੋਏ ਤੇ ਥਾਣੇਦਾਰ ਨੇ ਆਪਣਾ ਜੁਰਮ ਲੁਕੋਣ ਲਈ ਸਰਾਸਰ ਝੂਠ ਬੋਲਿਆ ਕਿ ਇਹ ਬੰਦਾ ਸੜਕ ਉੱਪਰ ਸੈਰ ਕਰ ਰਿਹਾ ਸੀ ਜੋ ਹੁਕਮਾਂ ਦੀ ਉਲੰਘਣਾ ਹੈ ਜਦੋਂ ਕਿ ਅਸਲੀਅਤ ਇਹ ਕਿ ਉਹ ਰੋਜ਼ਾਨਾ ਹੀ ਆਪਣੇ ਘਰ ਤੋਂ ਪੈਦਲ ਹੀ ਦਫ਼ਤਰ ਜਾਂਦਾ ਹੈ .
ਲਗਭਗ ਪੌਣੇ ਘੰਟੇ ਬਾਅਦ ਉਸਨੂੰ ਥਾਣੇ 'ਚੋਂ ਰਿਹਾ ਕੀਤਾ ਗਿਆ .
ਦਵਿੰਦਰਪਾਲ ਦਾ ਕਹਿਣਾ ਸੀ ਉਹ ਇਸ ਘਟਨਾ ਨਾਲ ਮਾਨਸਿਕ ਤੌਰ ਤੇ ਬੇਹੱਦ ਉਹਨੂੰ ਹੋਇਆ ਅਤੇ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਈ .
ਚੰਡੀਗੜ੍ਹ ਪੁਲਿਸ ਦੇ ਉੱਪਰਲੇ ਅਫ਼ਸਰਾਂ ਨੇ ਥਾਣੇਦਾਰ ਜਸਬੀਰ ਸਿੰਘ ਦੀ ਸਫ਼ਾਈ ਨੂੰ ਸੱਚ ਮੰਨਿਆ ਹੈ ਕਿ ਨਹੀਂ ਇਸ ਬਾਰੇ ਅਜੇ ਨਹੀਂ ਪਤਾ ਪਰ ਸਵਾਲ ਇਹ ਹੈ 29-30 ਦੀਆਂ ਬੱਤੀਆਂ ਤੇ ਕਿਹੜੀ ਸੈਰਗਾਹ ਸੀ ਜਿਸ ਵਿਚ ਉਹ ਸੈਰ ਕਰ ਰਿਹਾ ਸੀ ? ਜਦੋਂ ਉਸਨੇ ਆਪਣੀ ਪਛਾਣ ਦਾਸ ਦਿੱਤੀ ਸੀ ਤਾਂ ਫੇਰ ਥਾਣੇਦਾਰ ਨੇ ਕਿਉਂ ਉਸ ਨਾਲ ਬਦਸਲੂਕੀ ਕੀਤੀ ? ਕਰਫ਼ਿਊ ਪਾਸ ਹੋਣ ਕਰਕੇ ਮੀਡੀਆ ਕਰਮੀਆਂ ਨੂੰ ਇਹ ਖੁੱਲ੍ਹ ਹੈ ਕਿ ਕਿਤੇ ਵੀ ਜਾਂ ਸਕਦੇ ਨੇ ਇੱਥੋਂ ਤੱਕ ਕਿ ਕਿਸੇ ਪਾਰਕ ਵਿਚ ਜਾਣ ਤੇ ਵੀ ਉਨ੍ਹਾਂ 'ਤੇ ਪਾਬੰਦੀ ਨਹੀਂ ਹੈ ? ਕੀ ਉਸ ਥਾਣੇਦਾਰ ਦੇ ਖ਼ਿਲਾਫ਼ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ ਇਹ ਵੀ ਨਹੀਂ ਪਤਾ ਪਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵੱਲੋਂ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨੂੰ ਰਸਮੀ ਲਿਖਤੀ ਸ਼ਿਕਾਇਤ ਜ਼ਰੂਰ ਭੇਜੀ ਹੈ .ਇਸ ਸਵਾਲ ਦਾ ਨਿਤਾਰਾ ਕਰਨਾ ਵੀ ਜ਼ਰੂਰੀ ਹੈ ਕਿ ਕੀ ਉਸ ਥਾਣੇਦਾਰ ਆਪਣੀ ਥਾਣੇਦਾਰੀ ਦੇ ਰੋਹਬ ;ਚ ਦਵਿੰਦਰਪਾਲ ਨੂੰ ਚੁੱਕ ਲਿਆ ਜਿਵੇਂ ਉਹ ਬੇਜ਼ਬਾਨੇ ਸਾਧਾਰਨ ਲੋਕਾਂ ਨੂੰ ਚੁੱਕ ਲੈਂਦੇ ਹਨ ਜਾਂ ਦਵਿੰਦਰਪਾਲ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ? ਚੰਡੀਗੜ੍ਹ ਦੇ ਸੀਨੀਅਰ ਅਫ਼ਸਰਾਂ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ .
ਇਸ ਮਾਮਲੇ ਤੇ ਮੀਡੀਆ ਕਰਮੀਆਂ ਅੰਦਰ ਸਖ਼ਤ ਰੋਸ ਅਤੇ ਗ਼ੁੱਸਾ ਹੈ ਅਤੇ ਦੋਸ਼ੀ ਥਾਣੇਦਾਰ ਖ਼ਿਲਾਫ਼ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ .