← ਪਿਛੇ ਪਰਤੋ
ਸੀਨੀਅਰ ਪੱਤਰਕਾਰ ਨਾਲ ਬਦਸਲੂਕੀ ਦੀ ਜਾਂਚ ਦੇ ਆਦੇਸ਼ ਦਿੱਤੇ ਡੀ ਜੀ ਪੀ ਨੇ - ਮੀਡੀਆ ਕਰਮੀਆਂ ਦੇ ਵਫ਼ਦ ਨੇ ਕੀਤੀ ਸੀ ਸਖ਼ਤ ਕਾਰਵਾਈ ਦੀ ਮੰਗ ਚੰਡੀਗੜ੍ਹ , 19 ਅਪ੍ਰੈਲ , 2020 : ਚੰਡੀਗੜ੍ਹ ਪੁਲਿਸ ਦੇ ਡੀ ਜੀ ਪੀ ਸੰਜੇ ਬੈਨੀਵਾਲ ਨੇ ਇੱਕ ਥਾਣੇਦਾਰ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਕੀਤੀ ਬਦਸਲੂਕੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ . ਇਹ ਜਾਂਚਾ ਚੰਡੀਗੜ੍ਹ ਪੁਲਿਸ ਦੇ ਡੀ ਆਈ ਜੀ ਓਮ ਵੀਰ ਸਿੰਘ ਬਿਸ਼ਨੋਈ ਨੂੰ ਸੌਂਪੀ ਗਈ ਹੈ . ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਇਹ ਜਾਂਚ ਘਟਨਾ ਦੀ ਅਸਲੀਅਤ ਦਾ ਪਤਾ ਲਾਉਣ ਲਈ ਕਰਾਈ ਜਾ ਰਹੀ ਹੈ . ਇਹ ਵੀ ਕਿਹਾ ਗਿਆ ਹੈ ਕਿ ਚੰਡੀਗੜ੍ਹ ਪੁਲਿਸ ਲੋਕ ਰਾਜ ਦੇ ਚੌਥੇ ਥੰਮ੍ਹ ਦਾ ਸਤਿਕਾਰ ਕਰਦੀ ਹੈ ਇਹ ਸਮਝਦੀ ਹੈ ਕਿ ਕੋਰੋਨਾ ਦੇ ਖ਼ਿਲਾਫ਼ ਜੰਗ ਵਿਚ ਮੀਡੀਆ ਪੂਰੀ ਤਰ੍ਹਾਂ ਸਹਾਈ ਹੋ ਰਿਹਾ ਹੈ . ਇਸ ਸੰਕਟ ਦੇ ਸਮੇਂ 'ਚ ਸਮਾਜ ਵਿਚ ਮੀਡੀਆ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ . ਡੀ ਜੀ ਪੀ ਬੈਨੀਵਾਲ ਵੱਲੋਂ ਜਾਂਚ ਦੇ ਇਹ ਹੁਕਮ ਉਦੋਂ ਦਿੱਤੇ ਗਏ ਜਦੋਂ ਪੰਜਾਬ ਅਤੇ ਚੰਡੀਗੜ੍ਹ ਦੇ ਮੀਡੀਆ ਕਰਮੀਆਂ ਦਾ ਇੱਕ ਵਫ਼ਦ ਉਨ੍ਹਾਂ ਨੂੰ ਮਿਲਿਆ ਸੀ . ਵਫ਼ਦ ਨੇ ਮੰਗ ਕੀਤੀ ਸੀ ਕਿ ਦੋਸ਼ੀ ਐਸ ਐਚ ਓ ਜਸਵੀਰ ਸਿੰਘ ਦੇ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾਵੇ .
Total Responses : 266