ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 20 ਅਪ੍ਰੈਲ -ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਦੇਸ਼ ਦੇ ਵਿਚ ਕਰੋਨਾ ਵਾਇਰਸ ਲੈਵਲ-4 ਦੇ ਕਾਰਨ ਜੋ ਚਾਰ ਹਫਤਿਆਂ ਦਾ 'ਲੌਕਡਾਊਨ' ਚੱਲ ਰਿਹਾ ਸੀ, ਉਹ ਹੁਣ ਚਾਰ ਦਿਨ ਲਈ ਹੋਰ ਵਧਾ ਕੇ ਸੋਮਵਾਰ ਅੱਧੀ ਰਾਤ ਨੂੰ ਖਤਮ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਅੱਜ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਕੀਤਾ।
ਉਸਨੇ ਆਪਣੇ ਭਾਸ਼ਣ ਦੇ ਵਿਚ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨਾਲ ਆਪਣੀ ਜਾਨ ਗਵਾ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਸਨੇ ਕਿਹਾ ਕਿ ਸਾਡੇ ਦੇਸ਼ ਨੇ ਵੀ ਬਾਕੀ ਦੇਸ਼ਾਂ ਵਾਂਗ ਕਾਫੀ ਇਸ ਮਹਾਂਮਾਰੀ ਦੇ ਨਾਲ ਲੜਨ ਵਿਚ ਕਾਫੀ ਸੁਧਾਰ ਕੀਤਾ ਹੈ ਤੇ ਕਰੋਨਾ ਫੈਲਣ ਦੀ ਦਰ 0.48% ਰਿਹਾ ਹੈ ਜੋ ਕਿ ਵਿਸ਼ਵ ਦੇ ਵਿਚ ਸਭ ਤੋਂ ਹੇਠਾਂ ਹੈ। ਲਗਪਗ ਸਾਰੇ ਕੇਸ ਹੀ ਬਾਹਰਲੇ ਮੁਲਕਾਂ ਤੋਂ ਯਾਤਰਾ ਕਰਨ ਆਏ ਲੋਕਾਂ ਦੇ ਸਨ। 8 ਕੇਸਾਂ ਬਾਰੇ ਪ੍ਰਤੱਖ ਜਾਣਕਾਰੀ ਨਹੀਂ ਮਿਲ ਸਕੀ ਕਿ ਉਹ ਕਿਸ ਤਰ੍ਹਾਂ ਕਰੋਨਾ ਤੋਂ ਪੀੜਤ ਹੋਏ। ਕਮਿਊਨਿਟੀ ਦੇ ਵਿਚੋਂ ਵੀ 1000 ਲੋਕਾਂ ਦਾ ਟੈਸਟ ਕੀਤਾ ਗਿਆ ਅਤੇ ਕੋਈ ਵੀ ਕਰੋਨਾ ਗ੍ਰਸਤ ਨਹੀਂ ਪਾਇਆ ਗਿਆ। ਅੱਜ 9 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹੁਣ ਤੱਕ ਕੁੱਲ 12 ਮੌਤਾਂ ਹੋਈਆਂ ਹਨ। 974 ਲੋਕਾਂ ਨੇ ਕਰੋਨਾ ਉਤੇ ਇਲਾਜ ਅਤੇ ਏਕਾਂਤਵਾਸ ਰਾਹੀਂ ਜਿੱਤ ਹਾਸਿਲ ਕੀਤੀ ਹੈ।
ਨਿਊਜ਼ੀਲੈਂਡ ਵਿਚ ਲੈਵਲ-3 ਲਾਗੂ ਹੋਣ ਉਪਰੰਤ ਸਰਕਾਰ ਦੇ ਨਿਯਮਾਂ ਅਨੁਸਾਰ ਕੁਝ ਵਪਾਰਕ ਅਦਾਰੇ ਸ਼ਰਤਾਂ ਮੁਤਾਬਿਕ ਖੁੱਲ੍ਹੇ ਰਹਿਣਗੇ। ਕਹਿ ਸਕਦੇ ਹਾਂ ਕਿ ਦੇਸ਼ ਨੇ ਕਰੋਨਾ ਵਾਇਰਸ ਦੀ ਚੇਨ ਤੋੜ ਲਈ ਹੈ ਅਤੇ ਜਿੰਦਗੀ ਜੋੜ ਲਈ ਹੈ।