ਅਸ਼ੋਕ ਵਰਮਾ
- ਪੁਲਿਸ ਵੱਲੋਂ 262 ਗਰਾਮ ਚਿੱਟਾ ਬਰਾਮਦ
ਬਠਿੰਡਾ, 21 ਅਪਰੈਲ 2020 - ਇਸ ਨੂੰ ਨਸ਼ਾ ਸਮੱਗਲਰਾਂ ਦੀ ਦੀਦਾ ਦਲੇਰੀ ਹੀ ਕਿਹਾ ਜਾ ਸਕਦਾ ਹੈ ਕਿ ਕਰਫਿਊ ਅਤੇ ਲੌਕ ਡਾਊਨ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ ਦਿੱਲੀ ਤੋਂ ਚਿੱਟਾ ਖਰੀਦਣ ਪੁੱਜ ਗਏ ਜਿਸ ਨੂੰ ਬਠਿੰਡਾ ’ਚ ਵੇਚਿਆ ਜਾਣਾ ਸੀ। ਐਸਟੀਐਫ ਨੇ ਕਾਰਵਾਈ ਕਰਦਿਆਂ ਇਸ ਮਾਮਲੇ ’ਚ ਆਦਿ ਤਸਕਰ, ਉਸ ਦੇ ਗੈਂਗਸਟਰ ਸਾਥੀ ਅਤੇ ਦੋ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਪੁਲਿਸ ਨੇ ਇਸ ਸਬੰਧ ’ਚ ਨਸ਼ਾ ਤਸਕਰ ਬੂਟਾ ਸਿੰਘ ਪੁੱਤਰ ਗੁਰਮੇਜ ਸਿੰਘ, ਗੈਂਗਸਟਰ ਦੇਵੀ ਸ਼ਰਨ ਉਰਫ ਡੀਐਸ ਕਾਕਾ ਪੁੱਤਰ ਜਗਦੀਸ ਰਾਏ, ਕਾਲਾ ਸਿੰਘ ਪੁੱਤਰ ਹਾਕਮ ਸਿੰਘ ਤੇ ਸੋਨੂੰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਠਿੰਡਾ ਖਿਲਫਾ ਥਾਣਾ ਨੰਦਗੜ ’ਚ ਕੇਸ ਦਰਜ ਕੀਤਾ ਹੈ। ਬਠਿੰਡਾ-ਬਾਦਲ ਸੜਕ ’ਤੇ ਪਿੰਡ ਨੰਦਗੜ ਵਿਖੇ ਸਪੈਸ਼ਲ ਟਾਸਕ ਫੋਰਸ ਵੱਲੋਂ ਡੀ.ਐੱਸ.ਪੀ ਗੁਰਸ਼ਰਨ ਸਿੰਘ ਪੁਰੇਵਾਲ ਦੀ ਅਗਵਾਈ ’ਚ ਇੰਨਾਂ ਚਾਰ ਕਾਰ ਸਵਾਰ ਨੌਜ਼ਵਾਨਾਂ ਨੂੰ 262 ਗ੍ਰਾਂਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ।
ਡੀ.ਐੱਸ.ਪੀ ਗੁਰਚਰਨ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਨਾਂ ਨੂੰ ਇਸ ਸਬੰਧ ’ਚ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਅਧਾਰ ’ਤੇ ਪਿੰਡ ਨੰਦਗੜ ਵਿਖੇ ਨਾਕਾ ਲਾਇਆ ਹੋਇਆ ਸੀ। ਉਨਾਂ ਦੱਸਿਆ ਕਿ ਪਿੰਡ ਬਾਦਲ ਵਾਲੇ ਪਾਸਿਓ ਆਉਂਦੇ ਵਾਹਨਾਂ ਜਾਂਚ ਤਹਿਤ ਵਰਨਾ ਕਾਰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਕਾਰ ਸਵਾਰ ਵਿਅਕਤੀਆਂ ਕੋਲੋ 262 ਗ੍ਰਾਮ ਚਿੱਟਾ ਬਰਾਮਦ ਹੋਇਆ।
ਡੀਐਸਪੀ ਨੇ ਦੱਸਿਆ ਕਿ ਮੁਢਲੀ ਪੁੱਛ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਹੈ ਤਿ ਲੌਕਡਾਊਨ ਦੌਰਾਨ ਹੀ ਇਸ ਤੋਂ ਪਹਿਲਾਂ ਦੋ ਵਾਰ ਨਸ਼ਾ ਲਿਆ ਚੁੱਕੇ ਹਨ ਜਦੋਂਕਿ ਇਹ ਤੀਸਰਾ ਫੇਰਾ ਹੈ ਜਿਸ ਦੌਰਾਨ ਇਹ ਪੁਲਿਸ ਦੇ ਹੱਥੇ ਚੜ ਗਏ। ਬੂਟਾ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। ਓਧਰ ਦੇਵੀ ਸ਼ਰਨ ਉਰਫ ਡੀਐਸ ਕਾਕਾ ਵੀ ਪਹਿਲਾਂ ਅਪਰਾਧ ਦੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਉਹ ਬਠਿੰਡਾ ’ਚ ਆਰਕੈਸਟਰਾ ਸੰਚਾਲਕ ਵੀ ਰਿਹਾ ਹੈ। ਪੁਲਿਸ ਅਨੁਸਾਰ ਕਾਕਾ ਸਿੰਘ ਵੀ ਜਮਾਨਤ ’ਤੇ ਚੱਲ ਰਿਹਾ ਸੀ। ਸੋਨੂੰ ਸਿੰਘ ਜੋ ਬੂਟਾ ਸਿੰਘ ਦੇ ਸਾਲੇ ਦਾ ਲੜਕਾ ਹੈ ਜਿਸ ਦੇ ਲੱਤ ’ਚ ਰਾਡ ਪਈ ਹੋਈ ਹੈ। ਉਨਾਂ ਦੱਸਿਆ ਕਿ ਮੁਲਜਮਾਂ ਨੇ ਮੰਨਿਆ ਕਿ ਮੁਲਜ਼ਮ ਸੋਨੂੰ ਸਿੰਘ ਦੀ ਦਵਾਈ ਲੈਣ ਦਾ ਬਹਾਨਾ ਬਣਾ ਕੇ ਦਿੱਲੀ ਤੋਂ ਚਿੱਟਾ ਲਿਆਉਂਦੇ ਸਨ ਅਤੇ ਦੋ ਵਾਰ ਸਫਲ ਵੀ ਹੋ ਚੁੱਕੇ ਹਨ।