ਸੰਜੀਵ ਸੂਦ
ਲੁਧਿਆਣਾ, 21 ਅਪ੍ਰੈਲ 2020 - ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਜਿੱਥੇ ਮਰੀਜ਼ਾਂ ਦੀ ਤਾਦਾਦ ਲਗਾਤਾਰ ਵਧ ਰਹੀ ਹੈ ਉੱਥੇ ਹੀ ਹੋਰਨਾਂ ਬਿਮਾਰੀਆਂ ਜਾਂ ਆਪਣੀ ਉਮਰ ਭੋਗ ਕੇ ਮਰਨ ਵਾਲਿਆਂ ਦੀਆਂ ਅਸਥੀਆਂ ਦੀ ਸ਼ਮਸ਼ਾਨਘਾਟਾਂ ਵਿੱਚ ਰੁਲ ਰਹੀਆਂ ਨੇ, ਕਿਉਂਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਹਰਿਦੁਆਰ ਅਸਥੀਆਂ ਲੈ ਕੇ ਜਾ ਨਹੀਂ ਸਕਦੇ ਅਤੇ ਘਰ ਚ ਅਸਥੀਆਂ ਰੱਖਣਾ ਨਹੀਂ ਚਾਹੁੰਦੇ। ਜਿਸ ਕਾਰਨ ਲੁਧਿਆਣਾ ਦੇ ਸ਼ਮਸ਼ਾਨ ਘਾਟ 'ਚ ਹੀ ਮ੍ਰਿਤਕਾਂ ਦੀਆਂ ਅਸਥੀਆਂ ਪਈਆਂ ਨੇ ਪਰ ਉਨ੍ਹਾਂ ਨੂੰ ਲਿਜਾਣ ਵਾਲਾ ਕੋਈ ਨਹੀਂ।
ਸ਼ਮਸ਼ਾਨ ਘਾਟ ਦੇ ਪ੍ਰਬੰਧਕ ਨੇ ਦੱਸਿਆ ਕਿ ਕਰਫਿਊ ਕਾਰਨ ਸ਼ਮਸ਼ਾਨ ਘਾਟ ਆਉਣ ਦੀ ਇਜਾਜ਼ਤ ਸਿਰਫ 5-6 ਲੋਕਾਂ ਨੂੰ ਹੀ ਮਿਲ ਰਹੀ ਹੈ ਜਿਸ ਕਾਰਨ ਉਹ ਇੱਥੇ ਆ ਕੇ ਆਪਣੇ ਪਰਿਵਾਰਕ ਮੈਂਬਰ ਨੂੰ ਅਗਨ ਭੇਟ ਤਾਂ ਕਰ ਜਾਂਦੇ ਨੇ ਪਰ ਮੁੜ ਕੇ ਉਨ੍ਹਾਂ ਨੂੰ ਮ੍ਰਿਤਕਾਂ ਦੇ ਫੁੱਲ ਚੁਗਣ ਦੀ ਇਜਾਜ਼ਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਾਰੀਆਂ ਪਬਲਿਕ ਮੋਟਰ ਗੱਡੀਆਂ ਬੰਦ ਹੋਣ ਕਾਰਣ ਹਰਿਦੁਆਰ ਜਾਣ ਦੀ ਵੀ ਕਿਸੇ ਨੂੰ ਪਰਮਿਸ਼ਨ ਨਹੀਂ ਮਿਲਦੀ। ਜਿਸ ਕਰਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਦੀਆਂ ਅਸਥੀਆਂ ਲੈਣ ਲਈ ਸ਼ਮਸ਼ਾਨ ਘਾਟ ਨਹੀਂ ਆ ਰਹੇ, ਉਨ੍ਹਾਂ ਕਿਹਾ ਕਿ ਅਸਥੀਆਂ ਦੇ ਜੋ ਵੱਖ ਵੱਖ ਬੈਗ ਬਣਾਏ ਗਏ ਨੇ ਉਨ੍ਹਾਂ ਤੇ ਮ੍ਰਿਤਕਾਂ ਦੇ ਨਾਂਅ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਨੰਬਰ ਲਿਖੇ ਗਏ ਨੇ ਤਾਂ ਜੋ ਕਰਫ਼ਿਊ ਖੁੱਲ੍ਹਣ ਤੋਂ ਬਾਅਦ ਉਹ ਇਨ੍ਹਾਂ ਨੂੰ ਵਾਪਸ ਲਿਜਾ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਵੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
ਕੋਰੋਨਾ ਵਾਇਰਸ ਕਰਕੇ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਮੌਤ ਤੋਂ ਬਾਅਦ ਮ੍ਰਿਤਕਾਂ ਨੂੰ ਮੁਕਤੀ ਵੀ ਨਸੀਬ ਨਹੀਂ ਹੋ ਰਹੀ। ਪਰਿਵਾਰਕ ਮੈਂਬਰ ਹਰਦੁਆਰ ਨਹੀਂ ਜਾ ਪਾ ਰਹੇ ਅਤੇ ਉਨ੍ਹਾਂ ਦੀਆਂ ਅਸਥੀਆਂ ਇੱਥੇ ਹੀ ਰੁਲ ਰਹੀਆਂ ਹਨ।