ਅਸ਼ੋਕ ਵਰਮਾ
ਬਠਿੰਡਾ, 21 ਅਪਰੈਲ 2020 - ਪੰਜਾਬ ਦੀਆਂ 16 ਜਨਤਕ ਜਥੇਬੰਦੀਆਂ ਵੱਲੋਂ ਕਣਕ ਦੀ ਖਰੀਦ ਕਰਾਉਣ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਵਾਉਣ ਅਤੇ ਨਿੱਜੀ ਹਸਪਤਾਲਾਂ ਦਾ ਸਰਕਾਰੀਕਰਨ, ਡਾਕਟਰਾਂ, ਨਰਸਾਂ, ਸਫਾਈ ਕਰਮਚਾਰੀਆਂ ਨੂੰ ਮੈਡੀਕਲ ਕਿੱਟਾਂ ਦਵਾਉਣ ਆਦਿ ਮੰਗਾਂ ਨੂੰ ਲੈ ਕੇ 25 ਅਪਰੈਲ ਨੂੰ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇੱਕ ਘੰਟਾ ਛੱਤਾਂ ਉੱਪਰ ਚੜ ਕੇ ਰੋਸ ਪ੍ਰਦਰਸ਼ਨਾਂ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਪਿੰਡ ਰਾਏਕੇ ਕਲਾਂ ਵਿਖੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਦੀ ਪ੍ਰਧਾਨੀ ਹੇਠ ਕੀਤੀ ਗਈ।
ਇਸ ਮੌਕੇ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕਣਕ ਦੀ ਖਰੀਦ ਦਾ ਪ੍ਰਬੰਧ ਕਰਨ ਅਤੇ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ’ਚ, ਟੈਸਟਿੰਗ ਕਰਨ ਅਤੇ ਪੀੜਤ ਮਰੀਜਾਂ ਦੀ ਭਾਲ ਕਰਨ, ਇਲਾਜ ਦਾ ਪ੍ਰਬੰਧ ਕਰਨ, ਤਾਲਾਬੰਦੀ ’ਚ ਫਸੇ ਮਜਦੂਰਾਂ ਦੇ ਰਾਸ਼ਨ-ਪਾਣੀ ਦਾ ਪ੍ਰਬੰਧ ਕਰਨ ਤੇ ਹੋਰ ਬਿਮਾਰੀਆਂ ਦੇ ਇਲਾਜ ’ਚ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਹੈ।
ਇਨ੍ਹਾਂ ਰੋਸ ਪ੍ਰਦਰਸ਼ਨਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕੇ ਕਿਸਾਨਾਂ ਦੇ ਘਰਾਂ ’ਚੋਂ ਕਣਕ ਦੀ ਖਰੀਦ ਕਰ ਕੇ 24 ਘੰਟਿਆਂ ’ਚ ਅਦਾਇਗੀ ਯਕੀਨੀ ਬਣਾਈ ਜਾਵੇ, ਸਭਨਾਂ ਲੋੜਵੰਦ ਪਰਿਵਾਰਾਂ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਦੀ ਵੰਡ ਕੀਤੀ ਜਾਵੇ, ਪ੍ਰਾਈਵੇਟ ਹਸਪਤਾਲਾਂ ਦਾ ਸਰਕਾਰੀਕਰਨ ਕੀਤਾ ਜਾਵੇ, ਬਿਮਾਰੀ ਤੋਂ ਪੀੜਤ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇ, ਵੱਡੇ ਕਾਰਪੋਰੇਟ ਪੂੰਜੀਪਤੀਆਂ, ਜਾਗੀਰਦਾਰਾਂ ’ਤੇ ਮਹਾਂਮਾਰੀ ਟੈਕਸ ਲਗਾ ਕੇ ਉਗਰਾਹੀ ਕੀਤੀ ਜਾਵੇ ਅਤੇ ਸਰਕਾਰੀ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲਿਆ ਜਾਵੇੇ ਮੀਟਿੰਗ ਦੇ ਆਖੀਰ ’ਚ ਉਨਾਂ ਨੇ ਸਮੂਹ ਕਿਸਾਨ-ਮਜਦੂਰਾਂ ਨੂੰ ਵੱਡੀ ਗਿਣਤੀ ’ਚ ਪ੍ਰਦਰਸ਼ਨਾਂ ’ਚ ਸਾਮਲ ਹੋਣ ਦੀ ਆਪੀਲ ਕੀਤੀ ਤੇ ਨਾਲ ਹੀ ਕਿਹਾ ਕਿ ਪ੍ਰਦਰਸ਼ਨ ਕਰਨ ਸਮੇਂ ਪੂਰੀ ਸਾਵਧਾਨੀ ਰੱਖਦਿਆਂ ਦੂਰੀ ਬਣਾ ਕੇ ਖੜਿਆ ਜਾਵੇ ਅਤੇ ਹਰੇਕ ਦੇ ਮੂੰਹ ’ਤੇ ਰੁਮਾਲ ਜਾਂ ਮਾਸਕ ਜਰੂਰ ਹੋਵੇ। ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੁ, ਧਰਮਪਾਲ ਸਿੰਘ ਜੰਡੀਆਂ, ਹਰਗੋਬਿੰਦ ਸਿੰਘ, ਸਰਦੂਲ ਸਿੰਘ, ਬਲਾਕ ਖਜ਼ਾਨਚੀ ਬਲਜਿੰਦਰ ਸਿੰਘ, ਅਜੇਪਾਲ ਸਿੰਘ, ਬਿੱਕਰ ਸਿੰਘ, ਬਲਕਰਨ ਸਿੰਘ ਤੇ ਲਛਮਣ ਸਿੰਘ ਸ਼ਾਮਲ ਸਨ।