ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ 2020 - ਪੰਜਾਬ ਖੇਤ ਮਜਦੂਰ ਯੂਨੀਅਨ ਦੇ ਇੱਕ ਵਫਦ ਨੇ ਕੱਲ੍ਹ ਦੇਰ ਸ਼ਾਮ ਜ਼ਿਲ੍ਹਾ ਮੁਖੀ ਰਾਜ ਬਚਨ ਸਿੰਘ ਨੂੰ ਮਿਲਕੇ ਕੋਰੋਨਾ ਦੇ ਖੌਫ ਅਤੇ ਸਰਕਾਰ ਵਲੋਂ ਮੜੇ ਕਰਫਿਊ ਕਾਰਨ ਖੇਤ ਮਜਦੂਰਾਂ ਨੂੰ ਆ ਰਹੀਆਂ ਗੰਭੀਰ ਮੁਸਕਲਾਂ ਤੋਂ ਜਾਣੂੰ ਕਰਵਾਇਆ ਅਤੇ ਇਹਨਾਂ ਦੇ ਹੱਲ ਲਈ ਡਿਪਟੀ ਕਮਿਸਨਰ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ । ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਦੀ ਅਗਵਾਈ ਚ ਮਿਲੇ ਇਸ ਵਫਦ ਵੱਲੋਂ ਪਿੰਡ ਫਤੂਹੀਵਾਲਾ ਵਿਖੇ ਪਿਛਲੇ 45 ਸਾਲਾਂ ਤੋਂ 15 ਏਕੜ ਪੰਚਾਇਤੀ ਜਮੀਨ ਤੇ ਕਾਬਜ ਡੇਢ ਦਰਜਨ ਬਾਜੀਗਰ ਪਰਿਵਾਰਾਂ ਵਲੋਂ ਬੀਜੀ ਕਣਕ ਪ੍ਰਸਾਸਨ ਵਲੋਂ ਭਾਰੀ ਪੁਲਿਸ ਫੋਰਸ ਦੇ ਜੋਰ ਵੱਢਣ ਅਤੇ ਉਲਟਾ ਇੱਕ ਦਰਜਨ ਮਜਦੂਰ ਮਰਦ ਔਰਤਾਂ ਤੇ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰਨ ਸਬੰਧੀ ਸਖਤ ਰੋਸ ਜਾਹਿਰ ਕਰਦਿਆਂ ਮਜਦੂਰਾਂ ਨੂੰ ਕਣਕ ਵਾਪਸ ਦੇਣ ,ਦਰਜ ਕੇਸ ਰੱਦ ਕਰਨ ਤੇ ਜਮੀਨ ਦਾ ਮਾਲਕੀ ਹੱਕ ਦੇਣ ਦੀ ਮੰਗ ਕੀਤੀ ਗਈ।
ਮਜਦੂਰ ਆਗੂਆਂ ਨੇ ਸਰਕਾਰ ਵਲੋਂ ਸੂਬੇ ਚ ਕਰੀਬ ਇੱਕ ਮਹੀਨੇ ਤੋਂ ਮੜੇ ਕਰਫਿਊ ਦੇ ਬਾਵਜੂਦ ਅਜੇ ਤੱਕ ਘਰਾਂ ਚ ਬੰਦ ਕੀਤੇ ਰੋਜਾਨਾ ਕਮਾਕੇ ਖਾਣ ਵਾਲੇ ਗਰੀਬ ਪਰਿਵਾਰਾਂ ਤੱਕ ਰਾਸਨ ਨਾ ਵੰਡਣ, ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਲੋੜਵੰਦਾਂ ਤੱਕ ਰਾਸਨ ਪੁਚਾਉਣ ਚ ਪੁਲਿਸ ਸਖਤੀ ਕਾਰਨ ਆ ਰਹੀਆਂ ਮੁਸਕਲਾਂ, ਕਰੋਨਾ ਸਬੰਧੀ ਟੈਸਟਾਂ ਦੀ ਭਾਰੀ ਕਮੀਂ, ਪ੍ਰਾਈਵੇਟ ਹਸਪਤਾਲਾਂ ਵਲੋਂ ਬੂਹੇ ਬੰਦ ਕਰਨ ਅਤੇ ਸਰਕਾਰੀ ਹਸਪਤਾਲਾਂ ਚ ਓ ਪੀ ਡੀ ਬੰਦ ਕਰਨ ਨਾਲ ਹੋਰਨਾਂ ਬਿਮਾਰੀਆਂ ਤੋਂ ਪੀੜਤ ਰੋਗੀਆਂ ਦਾ ਇਲਾਜ ਨਾ ਹੋਣ ਅਤੇ ਡਿਪਟੀ ਕਮਿਸਨਰ ਸਮੇਤ ਸਮਰੱਥ ਸਿਵਲ ਅਧਿਕਾਰੀਆਂ ਵਲੋਂ ਜਥੇਬੰਦੀਆਂ ਦੇ ਆਗੂਆਂ ਤੇ ਲੋਕਾਂ ਨੂੰ ਨਾ ਮਿਲਣ ਕਾਰਨ ਮੁਸਕਲਾਂ ਹੋਰ ਵਧਣ ਆਦਿ ਮੁੱਦੇ ਉਠਾਉਦਿਆਂ ਇਹਨਾਂ ਦੇ ਹੱਲ ਲਈ ਢੁਕਵੇਂ ਕਦਮ ਚੁੱਕਣ ਲਈ ਜੋਰ ਦਿੱਤਾ । ਜਿਲਾ ਪੁਲਿਸ ਮੁਖੀ ਨੇਂ ਫਤੂਹੀਵਾਲਾ ਮਾਮਲੇ ਚ ਦਰਜ ਮੁਕੱਦਮੇ ਦੀ ਪੜਤਾਲ ਕਰਕੇ ਇਸਨੂੰ ਖਾਰਜ ਕਰਨ ਦਾ ਭਰੋਸਾ ਦੇਣ ਤੋਂ ਇਲਾਵਾ ਲੋਕਾਂ ਚ ਜਾਗਰੂਕਤਾ ਪੈਦਾ ਕਰਨ ਤੇ ਰਾਸਨ ਵੰਡਣ ਵਾਲੇ ਵਲੰਟੀਅਰਾ ਨੂੰ ਪਾਸ ਜਾਰੀ ਕਰਨ ਦੀ ਹਾਮੀ ਭਰੀ ਅਤੇ ਬਾਕੀ ਮਾਮਲੇ ਡਿਪਟੀ ਕਮਿਸਨਰ ਕੋਲ ਭੇਜ ਕੇ ਹੱਲ ਕਰਾਉਣ ਦਾ ਭਰੋਸਾ ਦਿੱਤਾ ।
ਵਫਦ ਚ ਸ਼ਾਮਲ ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ ਨੇ ਦੱਸਿਆ ਕਿ ਜਿਲਾ ਪੁਲਿਸ ਮੁਖੀ ਦੇ ਕਹਿਣ ਤੇ ਅੱਜ ਜਦੋਂ ਉਹ ਪਾਸ ਜਾਰੀ ਕਰਨ ਕਰਵਾਉਣ ਲਈ ਵਲੰਟੀਅਰਾ ਦੀਆਂ ਲਿਸਟਾਂ ਤੇ ਦਸਤਾਵੇਜ ਲੈਕੇ ਪੁਲਿਸ ਮੁਖੀ ਦੇ ਦਫਤਰ ਪਹੁੰਚੇ ਤਾਂ ਉਨਾਂ ਉਪਰਲੇ ਹੁਕਮਾਂ ਤਹਿਤ ਪਾਸ ਕਰਨ ਤੋਂ ਵੀ ਅਸਮਰੱਥਾ ਜਾਹਿਰ ਕਰ ਦਿੱਤੀ। ਉਹਨਾਂ ਆਖਿਆ ਕਿ ਕਰੋਨਾ ਦੇ ਖੌਫ ਤੋਂ ਇਲਾਵਾ ਸਰਕਾਰਾਂ ਵਲੋਂ ਬੇਕਿਰਕ ਤੇ ਬੇਤਰਤੀਬੇ ਢੰਗ ਨਾਲ ਮੜੇ ਕਰਫਿਊ ਤੇ ਅਫਸਰਸਾਹੀ ਦੇ ਕਠੋਰ ਰਵੱਈਏ ਦੇ ਕਾਰਨ ਖੇਤ ਮਜਦੂਰਾਂ ਤੇ ਹੋਰ ਕਿਰਤੀ ਲੋਕ ਬੇਹੱਦ ਮੁਸਕਲ ਹਾਲਾਤਾਂ ਚ ਤਿਲ ਤਿਲ ਕਰਕੇ ਮਰਨ ਵੱਲ ਵਧ ਰਹੇ ਹਨ। ਉਹਨਾਂ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਕਣਕ ਦੀ ਖਰੀਦ, ਰਾਸਨ ਦੀ ਵੰਡ, ਇਲਾਜ ਦੀ ਗਰੰਟੀ ਤੇ ਸਿਹਤ ਸੇਵਾਵਾਂ ਦੇ ਸਰਕਾਰੀ ਕਰਨ ਆਦਿ ਮੰਗਾਂ ਨੂੰ ਲੈਕੇ 16 ਜਨਤਕ ਜਥੇਬੰਦੀਆਂ ਵੱਲੋਂ 25 ਅਪ੍ਰੈਲ ਨੂੰ ਪੰਜਾਬ ਭਰ ਚ ਰੋਹ ਭਰਪੂਰ ਪ੍ਰਦਰਸਨ ਕਰਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਪਰਿਵਾਰਾਂ ਸਮੇਤ ਸਾਮਲ ਹੋਣ । ਉਹਨਾਂ ਆਖਿਆ ਕਿ ਕਰੋਨਾ ਦੇ ਮੱਦੇਨਜਰ ਸਰੀਰਕ ਦੂਰੀ ਬਣਾ ਕੇ ਰੱਖਣ ਲਈ ਇਹ ਪ੍ਰਦਰਸਨ ਸਵੇਰੇ 7 ਵਜੇ ਤੋਂ 8 ਵਜੇ ਦਰਮਿਆਨ ਆਪੋ-ਆਪਣੇ ਕੋਠਿਆਂ ਉੱਤੇ ਚੜਕੇ ਹੀ ਕੀਤਾ ਜਾਵੇਗਾ।