ਰਜਨੀਸ਼ ਸਰੀਨ
- ਪ੍ਰਵਾਸੀ ਭਾਰਤੀ ਪੱਤਰਕਾਰ ਵੱਲੋਂ ਪੱਤਰਕਾਰ ਭਾਈਚਾਰੇ ਦੀ ਸੁਰੱਖਿਆ ਲਈ ਮਾਸਕਾਂ ਤੇ ਸੈਨੇਟਾਈਜ਼ਰਾਂ ਦੀ ਵੰਡ ਕਰਵਾਈ ਗਈ
ਨਵਾਂਸ਼ਹਿਰ, 21 ਅਪਰੈਲ 2020 - ਕੋਵਿਡ-19 ਦੌਰਾਨ ਮੀਡੀਆ ਬੜੀ ਚਣੌਤੀ ਭਰਪੂਰ ਸਥਿਤੀ ’ਚ ਆਪਣੀ ਡਿਊਟੀ ਬੜੀ ਕਰਮੱਠਤਾ ਨਾਲ ਨਿਭਾਅ ਰਿਹਾ ਹੈ ਅਤੇ ਮੀਡੀਆ ਨੂੰ ਵੀ ਆਪਣੀ ਡਿਊਟੀ ਦੌਰਾਨ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਪੱਤਰਕਾਰ ਪ੍ਰੀਸ਼ਦ ਬੰਗਾ ਵੱਲੋਂ ਪ੍ਰਵਾਸੀ ਭਾਰਤੀ ਪੱਤਰਕਾਰ ਹੁਸਨ ਲੜੋਆ ਬੰਗਾ ਦੇ ਸਹਿਯੋਗ ਨਾਲ ਪੱਤਰਕਾਰ ਭਾਈਚਾਰੇ ਲਈ ਦੁਬਾਰਾ ਵਰਤੋਂ ਯੋਗ ਮਾਸਕਾਂ ਅਤੇ ਸੈਨੇਟਾਈਜ਼ਰਾਂ ਦੀ ਵੰਡ ਸ਼ੁਰੂ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਹੀ ਤੇ ਸਟੀਕ ਸੂਚਨਾ ਪਹੁੰਚਾਉਣਾ ਮੀਡੀਆ ਰਾਹੀਂ ਹੀ ਸੰਭਵ ਹੈ ਅਤੇ ਉਹ ਆਪਣੀ ਜ਼ਿੰਮੇਂਵਾਰੀ ਸਹੀ ਢੰਗ ਨਾਲ ਨਿਭਾਅ ਵੀ ਰਹੇ ਹਨ।
ਉਨ੍ਹਾਂ ਕਿਹਾ ਕਿ ਪੱਤਰਕਾਰ ਪ੍ਰੀਸ਼ਦ ਬੰਗਾ ਵੱਲੋਂ ਪੱਤਰਕਾਰ ਭਾਈਚਾਰੇ ਲਈ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਨਾਲ ਹੀ ਪੱਤਰਕਾਰ ਭਾਈਚਾਰੇ ਨੂੰ ਕੋਵਿਡ-19 ਕਵਰੇਜ ਦੌਰਾਨ ਬਹੁਤ ਹੀ ਸਾਵਧਾਨੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਫ਼ੀਲਡ ਕਵਰੇਜ ਦੌਰਾਨ ਬਹੁਤ ਸਾਰੀਆਂ ਥਾਂਵਾਂ ’ਤੇ ਜਾਂਦੇ ਹੋਣ ਕਾਰਨ, ਉਨ੍ਹਾਂ ਨੂੰ ਵਾਪਸ ਸ਼ਾਮ ਨੂੰ ਪਰਿਵਾਰ ’ਚ ਜਾਣ ਮੌਕੇ ਆਪਣੇ ਹੱਥ-ਪੈਰ ਚੰਗੀ ਤਰ੍ਹਾਂ ਧੋ ਕੇ ਅਤੇ ਦਿਨ ਵਾਲੇ ਕੱਪੜੇ ਬਦਲ ਕੇ ਹੀ ਪਰਿਵਾਰ ਕੋਲ ਜਾਣਾ ਚਾਹੀਦਾ ਹੈ।
ਸ੍ਰੀ ਬਬਲਾਨੀ ਅਨੁਸਾਰ ਮੀਡੀਆ ਚਾਹੇ ਪਿ੍ਰੰਟ ਹੋਵੇ ਜਾਂ ਫ਼ਿਰ ਇਲੈਕਟ੍ਰਾਨਿਕ, ਹਰ ਇੱਕ ਦੀ ਭੂਮਿਕਾ ਇਸ ਦੌਰ ’ਚ ਬੜੀ ਜ਼ਿੰਮੇਂਵਾਰੀ ਵਾਲੀ ਬਣੀ ਹੋਈ ਹੈ। ਇਸ ਲਈ ਮੀਡੀਆ ਕਰਮਚਾਰੀ ਹਮੇਸ਼ਾਂ ਮਾਸਕ ਪਾ ਕੇ ਰੱਖਣ, ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ ਜਾਂ ਸਾਬਣ ਨਾਲ ਧੋ ਕੇ ਰੱਖਣ, ਕਵਰੇਜ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਤੌਰ ’ਤੇ ਖਿਆਲ ਰੱਖਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਸਮੇਂ ਕੋਵਿਡ-19 ਦੇ ਲੱਛਣ ਜਿਵੇਂ ਤੇਜ਼ ਬੁਖਾਰ, ਖੰਘ ਅਤੇ ਸਾਹ ’ਚ ਤਕਲੀਫ਼ ਜਿਹੀ ਅਲਾਮਤਾਂ ਮਹਿਸੂਸ ਹੋਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ’ਚ ਆਪਣੀ ਸਿਹਤ ਜਾਂਚ ਜ਼ਰੂਰ ਕਰਵਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿਤਿਆ ਉੱਪਲ ਤੋਂ ਇਲਾਵਾ ਪੱਤਰਕਾਰ ਜਸਬੀਰ ਸਿੰਘ ਬੰਗਾ, ਧਰਮਵੀਰ, ਸ਼ਿਵ ਕੌੜਾ ਤੇ ਵਿਸ਼ਾਲ ਗਰੋਵਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੱਤਰਕਾਰਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸਮੁੱਚੇ ਜ਼ਿਲ੍ਹੇ ’ਚ ਅਜਿਹੇ ਪ੍ਰਬੰਧ ਕੀਤੇ ਗਏ ਹਨ।