ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2020 - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਨੂੰ ਹੋਰ ਦਿਲਚਸਪ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਰੇਡਿਓ ਰਾਹੀਂਂ ਗਿਆਨ ਵੰਡਣ ਦਾ ਸ਼ੁਰੂ ਕੀਤਾ ਉਪਰਾਲਾ ਜਾਰੀ ਹੈ,ਜਿਸ ਤਹਿਤ ਵਿਸ਼ਾ ਮਾਹਿਰ ਅਧਿਆਪਕ ਰੋਚਕ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਸੁਖਪਾਲ ਸਿੰਘ ਸਿੱਧੂ, ਸਮਾਰਟ ਸਕੂਲ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਦੱਸਿਆ ਕਿ ਅੰਤਰਰਾਸ਼ਟਰੀ ਇੰਟਰਨੈੱਟ ਦੋਆਬਾ ਰੇਡੀਉ ਦੀ ਪਹਿਲ ਕਦਮੀ ਨਾਲ ਕੀਤੇ ਪ੍ਰੋਗਰਾਮ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਤਹਿਤ ਵੱਖ ਵੱਖ ਜ਼ਿਲ੍ਹਿਆਂ ਦੇ ਅਧਿਆਪਕ ਸਿਲੇਬਸ ਅਧਾਰਿਤ ਸਰਲ ਤੇ ਦਿਲਚਸਪ ਤਰੀਕੇ ਨਾਲ ਗੱਲਬਾਤ ਕਰ ਰਹੇ ਹਨ, ਉਹਨਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਚੰਗਾ ਹੁਗਾਰਾਂ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਦੁਆਬਾ ਰੇਡੀਉ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਅਤੇ ਬੁਲਾਰੇ ਸਮਰਜੀਤ ਸਿੰਘ ਸ਼ੰਮੀ ਨੇ ਦੱਸਿਆ ਕਿ ਇਹ ਰੇਡੀਉ ਐਪ ਨੂੰ ਮੁਫ਼ਤ ਐਂਡਰਾਇਡ ਅਤੇ ਐਪਲ ਉੱਤੇ ਡਾਉਨਲੋਂਡ ਕਰਕੇ ਸੁਣਿਆ ਜਾ ਸਕਦਾ ਹੈ ਅਤੇ ਇਸ ਉੱਤੇ ਪ੍ਰਸਾਰਿਤ ਪ੍ਰੋਗਰਾਮ ਡਾਊਨਲੋਡ ਕਰਕੇ ਵੀ ਸਾਂਝੇ ਕੀਤੇ ਜਾ ਸਕਦੇ ਹਨ, ਉਹਨਾਂ ਦਾਅਵਾ ਕਿ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਯਤਨਾਂ ਸਦਕਾਂ ਅਤੇ ਅਧਿਆਪਕਾਂ ਦੀ ਦਿਲਚਸਪੀ ਨਾਲ ਸ਼ੁਰੂ ਕੀਤੇ ਗਏ ਇਸ ਉਪਰਾਲੇ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਪ੍ਰਸਿੱਧ ਅੰਤਰਰਾਸ਼ਟਰੀ ਇੰਟਰਨੈੱਟ ਰੇਡੀਓ ਦੋਆਬਾ ਰੇਡੀਉ ਵੱਲੋਂ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ ਜਿਸ ਨੂੰ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਰੋਜ਼ਾਨਾ ਦੁਪਿਹਰ 3 ਵਜੇ ਪੇਸ਼ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਵਿਸ਼ਾ ਮਾਹਿਰਾਂ ਵੱਲੋਂ ਪਾਠ ਪੇਸ਼ ਕੀਤੇ ਜਾਂਦੇ ਹਨ ਜਿਸ ਨੂੰ ਸੁਣ ਕੇ ਵਿਦਿਆਰਥੀ ਉਤਸੁਕਤਾ ਨਾਲ ਉਡੀਕਦੇ ਹਨ। ਰੇਡੀਉ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਆਪੀ ਲਾਕਡਾਉਨ ਦਾ ਹਰ ਖੇਤਰ ਵਿੱਚ ਪ੍ਰਭਾਵ ਪਿਆ ਹੈ ਅਤੇ ਸਕੂਲ ਸਿੱਖਿਆ ਨਾਲ ਜੁੜੇ ਅਦੀਬਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਨੂੰ ਰੌਚਕ ਢੰਗ ਨਾਲ ਪਾਠ ਸਮੱਗਰੀ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋ਼ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜ਼ਿਕਰਯੋਗ ਹੈ ਦੁਆਬਾ ਰੇਡੀਉ ਐਪ ਨੂੰ ਮੁਫ਼ਤ ਐਂਡਰਾਇਡ ਅਤੇ ਐਪਲ ਉੱਤੇ ਡਾਊਨਲੋਡ ਕਰ ਕੇ ਸੁਣਿਆ ਜਾ ਸਕਦਾ ਹੈ ਅਤੇ ਇਸ ਉੱਤੇ ਪ੍ਰਸਾਰਿਤ ਪ੍ਰੋਗਰਾਮ ਵੀ ਡਾਊਨਲੋਡ ਕਰ ਕੇ ਸਾਂਝੇ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੁਣੋ ਸੁਣਾਵਾਂ, ਪਾਠ ਪੜ੍ਹਾਵਾਂ ਪ੍ਰੋਗਰਾਮ ਚ ਬਾਅਦ ਦੁਪਹਿਰ ਤਿੰਨ ਵਜੇ ਤੋਂ ਚਾਰ ਵਜੇ ਤੱਕ ਤਿੰਨ ਲੈਕਚਰ ਹੁੰਦੇ ਹਨ। ਜਿਸ ਤਹਿਤ ਪਿਛਲੇ ਹਫਤਿਆਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮਾਨਸ਼ਾਹੀਆ ਦੀ ਈ.ਟੀ.ਟੀ. ਅਧਿਆਪਕਾ ਪ੍ਰਵੀਨ ਸ਼ਰਮਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਦੇ ਬਾਇਓਲੋਜੀ ਲੈਕਚਰਾਰ ਡਾ ਸੰਜੀਵ ਨਾਗਪਾਲ ਦੇ ਲੈਕਚਰ ਪ੍ਰਸਾਰਿਤ ਹੋਏ ਸਨ। ਇਸੇ ਲੜੀ ਤਹਿਤ ਅੱਜ ਦੇ ਪੜਾਅ ਦੌਰਾਨ ਮੰਜੂ ਰੇਗਰ ਹਿੰਦੀ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕਾ ਕਲਾਂ ਬਠਿੰਡਾ, ਕਿਰਨਦੀਪ ਕੌਰ ਸਮਾਜਿਕ ਸਿੱਖਿਆ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਤਰਨਤਾਰਨ ਅਤੇ ਮੋਨਿਕਾ ਸ਼ਰਮਾ ਹਿੰਦੀ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋ ਸੰਗਰੂਰ ਵੱਲੋਂ ਆਪਣੇ ਵੱਖ ਵੱਖ ਵਿਸ਼ਿਆ ਤੇ ਦਿਲਚਸਪ ਲੈਕਚਰ ਸੁਣਾਏ ਜਾਣਗੇ। ਸੁਖਵੀਰ ਸਿੰਘ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਠਿੰਡਾ ਅਤੇ ਹਰਦੀਪ ਸਿੰਘ ਤੱਗੜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ, ਉਪ ਜਿਲ੍ਹਾ ਸਿੱਖਿਆ ਅਫਸਰਾਂ ਬਲਜੀਤ ਸਿੰਘ ਸੰਦੋਹਾ, ਸ਼ਿਵ ਪਾਲ ਗੋਇਲ, ਭੁਪਿੰਦਰ ਕੌਰ ਅਤੇ ਇਕਬਾਲ ਸਿੰਘ ਬੁੱਟਰ ਵੱਲੋਂ ਦੋਆਬਾ ਰੇਡੀਓ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਜ਼ਿਲ੍ਹੇ ਦੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।