ਸੰਜੀਵ ਸੂਦ
ਲੁਧਿਆਣਾ, 22 ਅਪ੍ਰੈਲ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਉਣ ਲੱਗੀ ਹੈ ਅਤੇ ਵਿਰੋਧੀਆਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਹੈ ਕਿ ਇਸ ਵੇਲੇ ਜਾਨ ਜ਼ਰੂਰੀ ਹੈ ਜਾਂ ਸ਼ਰਾਬ ?
ਮੁੱਖ ਮੰਤਰੀ ਪੰਜਾਬ ਦੀ ਇਸ ਮੰਗ ਨੂੰ ਲੈ ਕੇ ਜਿੱਥੇ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਕੈਪਟਨ ਸਾਹਿਬ ਇਸ ਲਈ ਸ਼ਰਾਬ ਦੇ ਠੇਕੇ ਖੁੱਲ੍ਹਵਾਉਣਾ ਚਾਹੁੰਦੇ ਨੇ ਤਾਂ ਜੋ ਹੁਣ ਲੋਕ ਵਿਹਲੇ ਬਹਿ ਕੇ ਇਹ ਨਾ ਸੋਚਣ ਕਿ ਉਨ੍ਹਾਂ ਦੀ ਸਰਕਾਰ ਨੇ ਬੀਤੇ ਸਾਲਾਂ 'ਚ ਕੀ ਕੰਮ ਕੀਤਾ ਹੈ, ਮਾਣੂਕੇ ਨੇ ਕਿਹਾ ਕਿ ਸਰਕਾਰ ਨੂੰ ਇਸ ਵੇਲੇ ਲੋਕਾਂ 'ਚ ਵੰਡੇ ਗਏ ਰਾਸ਼ਨ ਦੀਆਂ ਲਿਸਟਾਂ ਜਨਤਕ ਕਰਨੀਆਂ ਚਾਹੀਦੀਆਂ ਨੇ ਅਤੇ ਜੋ ਹਰਸਿਮਰਤ ਕੌਰ ਬਾਦਲ 900 ਕਰੋੜ ਪੈਕੇਜ ਦੀ ਗੱਲ ਕਰ ਰਹੇ ਨੇ ਉਸ ਸਬੰਧੀ ਗ੍ਰਾਂਟਾਂ ਜਾਰੀ ਕਰਨੀ ਚਾਹੀਦੀਆਂ ਹਨ ਨਾ ਕਿ ਠੇਕੇ ਖੋਲ੍ਹਣ ਦੀ ਮੰਗ।
ਉੱਧਰ ਦੂਜੇ ਪਾਸੇ ਅਕਾਲੀ ਦਲ ਦੇ ਲੁਧਿਆਣਾ ਤੋਂ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਵੀ ਕਿਹਾ ਹੈ ਕਿ ਸ਼ਰਾਬ ਕੋਈ ਜ਼ਰੂਰੀ ਚੀਜ਼ ਨਹੀਂ ਹੈ ਉਹ ਆਪਣੀ ਚੌਇਸ ਹੈ, ਗਰੇਵਾਲ ਨੇ ਕਿਹਾ ਕਿ ਸਰਕਾਰ ਇੰਨੀ ਵੱਡੀ ਤਦਾਦ 'ਚ ਜੋ ਪੰਜਾਬ ਦੇ ਲੋਕ ਸ਼ਰਾਬ ਦਾ ਸੇਵਨ ਕਰਦੇ ਨੇ ਉਨ੍ਹਾਂ ਨੂੰ ਪਾਸ ਕਿਵੇਂ ਜਾਰੀ ਕਰੇਗੀ ਇਹ ਵੀ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋੜ ਹੈ ਕੈਪਟਨ ਸਾਹਿਬ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਨਾ ਕਿ ਠੇਕੇ ਖੁੱਲ੍ਹਵਾਉਣ ਦੀਆਂ ਮੰਗਾਂ ਕਰਨ।