- ਸਰੀਰਿਕ ਦੂਰੀ, ਸਫਾਈ ਤੇ ਮਾਸਕ ਪਹਿਨਣ ਦਾ ਰੱਖਿਆ ਜਾ ਰਿਹਾ ਖਿਆਲ: ਡਾ ਗਿੱਲ
- ਬਲਾਕ ਦੇ 17 ਸਿਹਤ ਕੇਂਦਰਾਂ 'ਤੇ ਹਰ ਬੁੱਧਵਾਰ ਲਾਏ ਜਾ ਰਹੇ ਕੈਂਪ: ਰਛਪਾਲ ਸਿੰਘ ਸੋਸਣ
ਮੋਗਾ, 22 ਅਪ੍ਰੈਲ 2020 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਗਿੱਲ ਦੇ ਹੁਕਮਾਂ 'ਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਬੱਚਿਆਂ ਤੇ ਮਾਵਾਂ ਦੇ ਟੀਕਾਕਰਨ ਦੀ ਮੁਹਿੰਮ ਜਾਰੀ ਹੈ। ਇਹ ਟੀਕਾਕਰਨ ਜਿਥੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਉਥੇ ਹੀ ਮਾਵਾਂ ਦੇ ਸੁਰੱਖਿਅਤ ਜਣੇਪੇ ਤੇ ਧੁਣਖਵਾ ਤੋਂ ਬਚਾਉਣ ਲਈ ਸਹਾਈ ਹੈ।
ਮਾਸ ਮੀਡੀਆ ਵਿੰਗ, ਸਿਹਤ ਬਲਾਕ ਡਰੋਲੀ ਭਾਈ ਦੇ ਇੰਚਾਰਜ਼ ਤੇ ਬੀਈਈ ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸਿਹਤ ਬਲਾਕ ਡਰੋਲੀ ਭਾਈ ਅਧੀਨ ਪੈਂਦੇ 42 ਪਿੰਡਾਂ ਦੇ ਲੋਕਾਂ ਲਈ ਸਥਾਪਿਤ 14 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੇ ਇੱਕ ਕਮਿਊਨਿਟੀ ਤੇ ਦੋ ਪ੍ਰਾਇਮਰੀ ਸਿਹਤ ਕੇਂਦਰਾਂ 'ਤੇ ਮਲਟੀਪਰਪਜ਼ ਸਿਹਤ ਵਰਕਰਾਂ (ਫੀਮੇਲ) ਵੱਲੋਂ ਹਰ ਬੁੱਧਵਾਰ ਟੀਕਾਕਰਨ ਕੀਤਾ ਜਾ ਰਿਹਾ, ਜਿਥੇ ਸੈਂਕੜੇ ਬੱਚਿਆਂ ਤੇ ਮਾਵਾਂ ਨੂੰ ਲਾਭ ਮਿਲ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਡਾ ਇੰਦਰਵੀਰ ਗਿੱਲ ਨੇ ਦੱਸਿਆ ਕਿ ਮਮਤਾ ਦਿਵਸ ਵਜੋਂ ਜਾਣੇ ਜਾਂਦੇ ਟੀਕਾਕਰਨ ਕੈਂਪਾਂ 'ਚ ਕੋਵਿਡ-19 ਦੀ ਮਹਾਂਮਾਰੀ ਨੂੰ ਦੇਖਦਿਆਂ ਹੋਇਆਂ ਆਪਸੀ ਸਰੀਰਿਕ ਦੂਰੀ ਦੇ ਨਾਲ-ਨਾਲ ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਸਾਫ ਕਰਨ ਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਇੱਕ ਦੂਜੇ ਤੋਂ ਕੋਵਿਡ-19 ਦੀ ਲਾਗ ਲੱਗਣ ਦਾ ਖਤਰਾ ਨਾ ਰਹੇ। ਉਹਨਾਂ ਦੱਸਿਆ ਕਿ ਮਾਰਚ ਮਹੀਨੇ 'ਚ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕੁਝ ਦਿਨਾਂ ਲਈ ਟੀਕਾਕਰਨ ਰੋਕਿਆ ਗਿਆ ਸੀ ਪਰ ਬਾਅਦ 'ਚ ਫਿਰ ਸ਼ੁਰੂ ਹੋ ਗਿਆ ਸੀ, ਜੋ ਲਗਾਤਾਰ ਜਾਰੀ ਹੈ।