ਮਨਿੰਦਰਜੀਤ ਸਿੱਧੂ
- ਕੋਰੋਨਾ ਦੇ ਖਿਲਾਫ ਚੱਲ ਰਹੇ ਤੀਜੇ ਵਿਸ਼ਵ ਯੁੱਧ ਵਿੱਚ ਸਫਾਈ ਸੇਵਕ ਵੀ ਸੈਨਿਕਾਂ ਵਾਂਗ ਲੜ ਰਹੇ ਹਨ
ਜੈਤੋ, 22 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਕਾਰਨ ਸਾਰੇ ਦੇ ਸਾਰੇ ਕਾਰੋਬਾਰ ਠੱਪ ਹਨ। ਸਰਕਾਰ ਦੁਆਰਾ ਕੋਰੋਨਾ ਦੀ ਰੋਕਥਾਮ ਲਈ ਲਗਾਏ ਗਏ ਕਰਫਿਊ ਕਾਰਨ ਲੋਕ ਘਰਾਂ ਵਿੱਚ ਕੈਦ ਹਨ।ਸਰਕਾਰ ਦੁਆਰਾ ਲਗਾਤਾਰ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਅਤੇ ਘਰਾਂ ਵਿੱਚ ਬੈਠਣ ਦੀਆਂ ਹਦਾਇਤਾਂ ਜਾਰੀ ਹੋ ਰਹੀਆਂ ਹਨ।
ਇਸ ਔਕੜ ਦੀ ਘੜੀ ਵਿੱਚ ਡਾਕਟਰੀ ਅਮਲਾ ਫੈਲਾ, ਪੁਲਿਸ,ਪ੍ਰਸ਼ਾਸਨ ਅਤੇ ਮੀਡੀਆ ਦੁਆਰਾ ਜਾਨ ਜੋਖਿਮ ਵਿੱਚ ਪਾ ਕੇ ਕੀਤੀ ਜਾ ਰਹੀ ਸੇਵਾ ਨੂੰ ਬਹੁਤ ਵਡਿਆਇਆ ਜਾ ਰਿਹਾ ਹੈ। ਪੁਲਿਸ ਕਰਮੀ, ਪੱਤਰਕਾਰ ਅਤੇ ਡਾਕਟਰ ਨਰਸਾਂ ਦੂਸਰਿਆਂ ਨੂੰ ਬਚਾਉਂਦੇ ਬਚਾਉਂਦੇ ਖੁਦ ਕੋਰੋਨਾ ਤੋਂ ਪੀੜਿਤ ਹੋ ਰਹੇ ਹਨ। ਪਰ ਇਸ ਆਫਤ ਦੇ ਆਲਮ ਵਿੱਚ ਇੱਕ ਹੋਰ ਵਰਗ ਹੈ ਜਿਸ ਦੁਆਰਾ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉੱਦਮ ਲਈ ਬਹੁਤ ਘੱਟ ਹੀ ਸਲਾਹਿਆ ਗਿਆ ਹੈ। ਉਹ ਵਰਗ ਕੋਈ ਹੋਰ ਨਹੀਂ ਸਗੋਂ ਸਾਡੇ ਸਫਾਈ ਕਰਮਚਾਰੀ ਹਨ।
ਇਹਨਾਂ ਦਾ ਦੇਣ ਤਾਂ ਅਸੀਂ ਆਮ ਹਾਲਤਾਂ ਵਿੱਚ ਵੀ ਨਹੀਂ ਦੇ ਸਕਦੇ ਪਰ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਇਹਨਾਂ ਦੁਆਰਾ ਨਿਰਵਿਘਨ ਆਪਣੀਆਂ ਸੇਵਾਵਾਂ ਨਿਭਾ ਕੇ ਮਨੁੱਖਤਾ ਦੇ ਸੱਚੇ ਆਸ਼ਕ ਹੋਣ ਦਾ ਸਬੂਤ ਦੇ ਰਹੇ ਹਨ।ਜੈਤੋ ਮੰਡੀ ਦੇ ਕੁੱਝ ਹਿੱਸੇ ਦਾ ਸੀਵਰੇਜ ਪਿਛਲੇ ਇੱਕ ਦੋ ਦਿਨਾਂ ਤੋਂ ਖਰਾਬ ਹੋਣ ਕਾਰਨ ਪਾਣੀ ਸੜਕਾਂ ਉੱਪਰ ਘੁੰਮ ਰਿਹਾ ਸੀ। ਜੈਤੋ ਮੰਡੀ ਦੇ ਸਫਾਈ ਕਰਮਚਾਰੀਆਂ ਨੂੰ ਸਿਜਦਾ ਜਿਹਨਾਂ ਇਸ ਔਕੜ ਦੀ ਘੜੀ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਕੇ ਸੀਵਰੇਜ ਦੇ ਨਾੜੀ ਤੰਤਰ ਨੂੰ ਮੁੜ ਚਾਲੂ ਕਰਕੇ ਲੋਕਾਂ ਦੀ ਜਿੰਦਗੀ ਨੂੰ ਲੀਹ ‘ਤੇ ਲੈ ਆਂਦਾ।
ਆਪਣੀ ਜਿੰਦਗੀ ਤੱਕ ਦੀ ਪ੍ਰਵਾਹ ਨਾ ਕਰਦੇ ਹੋਏ ਇਹ ਯੋਧੇ ਸੀਵਰੇਜ ਦੇ ਗਟਰਾਂ ਵਿੱਚ ਉੱਤਰ ਕੇ ਸਫਾਈ ਕਰਦੇ ਹਨ ਤਾਂ ਸ਼ਹਿਰ ਵਾਸੀ ਤੰਦਰੁਸਤ ਰਹਿਣ। ਸਾਡੀਆਂ ਸਮਾਜਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਸਫਾਈ ਕਰਮਚਾਰੀਆਂ ਨੂੰ ਵੀ ਇਸ ਤੀਜੇ ਮਹਾਂਯੁੱਧ ਦੇ ਸੈਨਿਕ ਐਲਾਨ ਕਰ ਦੇਣਾ ਚਾਹੀਦਾ ਹੈ।