ਨਿਰਵੈਰ ਸਿੰਘ ਸਿੰਧੀ
- ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਕਿਸਾਨਾਂ ਦੇ ਬੈਠਣ ਲਈ ਨਹੀਂ ਹੈ ਛਾਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ
ਮਮਦੋਟ, 23 ਅਪ੍ਰੈਲ 2020 - ਪੂਰੇ ਵਿਸ਼ਵ ਵਿੱਚ ਇਸ ਵੇਲੇ ਭਿਆਨਕ ਕਰੋਨਾ ਵਾਇਰਸ ਦੇ ਕਰਕੇ ਆਮ ਜਿੰਦਗੀ ਅਸਤ ਵਿਅਸਤ ਹੋ ਚੁੱਕੀ ਹੈ ਜਿਸ ਨਾਲ ਭਾਰਤ ਵੀ ਜੰਗ ਲੜ ਰਿਹਾ ਹੈ ਜਿਸਦੇ ਚਲਦਿਆਂ ਪੰਜਾਬ ਸਰਕਾਰ ਨੇ ਵੀ ਕਰਫਿਊ ਲਗਾਇਆ ਹੋਇਆ ਹੈ । ਕਰਫਿਊ ਦੋਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਫਸਲ ਵੱਢ ਕੇ ਮੰਡੀਆਂ ਵਿੱਚ ਲੈਕੇ ਆਉਣ ਲਈ ਵਿਸ਼ੇਸ਼ ਰਣਨੀਤੀ ਤਹਿਤ ਸ਼ੋਸ਼ਲ ਡਿਸਟੈਂਸ ਬਨਾਕੇ ਰੱਖਣ , ਕਿਸਾਨਾਂ ਅਤੇ ਮਜ਼ਦੂਰਾਂ ਲਈ ਹਰੇਕ ਮੰਡੀ ਵਿੱਚ ਸੈਨੇਟਾਈਜਰ, ਖਰੀਦ ਕੀਤੇ ਮਾਲ ਦੀ ਨਾਲ ਦੀ ਨਾਲ ਲਿਫਟਿੰਗ ਕਰਵਾਈ ਜਾਣਦੇ ਦਾਹਵੇ ਕੀਤੇ ਗਏ ਸਨ ਪ੍ਰੰਤੂ ਗਰਾਉਂਡ ਜੀਰੋ ਤੇ ਜਦੋਂ ਮਾਰਕਿਟ ਕਮੇਟੀ ਮਮਦੋਟ ਅਧੀਨ ਆਉਂਦੀਆਂ ਵੱਖ ਵੱਖ ਮੰਡੀਆਂ ਹਜਾਰਾ ਸਿੰਘ ਵਾਲਾ , ਰਾਉਕੇ , ਖੁੰਦਰ ਆਦਿ ਵਿੱਚ ਜਾ ਕੇ ਦੇਖਿਆ ਗਿਆ ਤਾਂ ਸਰਕਾਰ ਵੱਲੋਂ ਕੀਤੇ ਉਕਤ ਦਾਹਵੇ ਖੋਖਲੇ ਸਾਬਿਤ ਹੋਏ।
ਲੱਗਭੱਗ ਪਿਛਲੇ ਤਿੰਨ ਚਾਰ ਦਿਨ ਤੋਂ ਖਰੀਦ ਕੀਤਾ ਮਾਲ ਬੋਰੀਆਂ ਵਿੱਚ ਪਾ ਕੇ ਰੱਖਿਆ ਹੋਇਆ ਹੈ ਅਤੇ ਲਿਫਟਿੰਗ ਨਾਂ ਹੋਣ ਕਰਕੇ ਉਸਦੇ ਸਟੈਕ ਲਗਾਏ ਜਾ ਰਹੇ ਹਨ। ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਉਹਨਾਂ ਦੇ ਬੈਠਣ ਵਾਸਤੇ ਛਾਂ ਅਤੇ ਪੀਣ ਵਾਲੇ ਪਾਣੀ ਵੀ ਪ੍ਰਬੰਧ ਨਹੀਂ ਹੈ , ਸਰਕਾਰ ਵੱਲੋਂ ਹਰੇਕ ਮੰਡੀ ਵਿੱਚ ਸੈਨੇਟਾਇਜਰ ਦੀ ਵਿਵਸਥਾ ਕੀਤੀ ਜਾਣੀ ਸੀ ਜੋ ਅਜੇ ਤੱਕ ਨਹੀਂ ਹੋ ਸਕੀ। ਇਸ ਮੌਕੇ ਕੁੱਝ ਕੁ ਆੜਤੀਆਂ ਵੱਲੋਂ ਆਪਣੇ ਨਾਮ ਨਾ ਛਾਪਣ ਦੀ ਸ਼ਰਤ ਤੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖਰੀਦ ਕੀਤੇ ਮਾਲ ਦੀ ਜਲਦ ਤੋਂ ਜਲਦ ਲਿਫਟਿੰਗ ਕਰਵਾਈ ਜਾਵੇ।
ਇਸ ਬਾਰੇ ਜਦੋਂ ਮਰਕਿਟ ਕਮੇਟੀ ਮਮਦੋਟ ਦੇ ਸੈਕਟਰੀ ਸਤਨਾਮ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੂੰ ਸੇਨੈਟਾਈਜ ਕਰਨ ਵਾਸਤੇ ਪਾਣੀ ਵਾਲੀ ਟੈੰਕੀ ਰੱਖੀ ਗਈ ਹੈ, ਪੀਣ ਵਾਲੇ ਪਾਣੀ ਦਾ ਵੀ ਇੰਤਜਾਮ ਕੀਤਾ ਗਿਆ ਹੈ। ਜਦੋਂ ਉਹਨਾਂ ਨੂੰ ਲਿਫਟਿੰਗ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਮਾਲ ਤੁੱਲ ਰਿਹਾ ਹੈ ਰੁਟੀਨ ਮੁਤਾਬਿਕ ਲਿਫਟਿੰਗ ਹੋ ਰਹੀ ਹੈ। ਸਮਾਜਿਕ ਦੂਰੀ ਬਣਾਕੇ ਰੱਖਣ ਦੇ ਸਵਾਲ ਤੇ ਉਹਨਾਂ ਕਿਹਾ ਕਿ ਪੱਕੀਆਂ ਮੰਡੀਆਂ ਵਿੱਚ ਆਰਜੀ ਟੈਂਟ ਲਗਾ ਕੇ ਕਿਸਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।