ਫਿਰੋਜ਼ਪੁਰ, 23 ਅਪ੍ਰੈਲ 2020 : ਪ੍ਰਾਇਮਰੀ ਅਧਿਆਪਕ ਵਿਭਾਗੀ ਪ੍ਰਮੋਸ਼ਨਾ ਦੀ ਉਡੀਕ ਵਿੱਚ ਹਨ, ਪਰ ਸਰਕਾਰ ਦੇ ਮੰਤਰੀ ਅਤੇ ਉਸਦੇ ਅਧਿਕਾਰੀਆਂ ਨੂੰ ਪ੍ਰਾਇਮਰੀ ਅਧਿਆਪਕਾਂ ਦੀ ਇਸ ਮੰਗ ਦੀ ਕੋਈ ਫਿਕਰ ਨਹੀਂ ਤੇ ਉਹ ਗਹਿਰੀ ਨੀਂਦ ਵਿੱਚ ਸੁੱਤੇ ਪਏ ਹਨ। ਜੱਦ ਕਿ ਵਿਭਾਗ ਨੇ ਸਾਲ ਵਿਚ ਦੋ ਵਾਰ ਵਿਭਾਗੀ ਪ੍ਰਮੋਸ਼ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਪਰ ਕਈ ਸਾਲਾਂ ਤੋਂ ਇਹ ਪ੍ਰਮੋਸ਼ਨਾ ਨਹੀਂ ਹੋਇਆ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਸਿੱਧੀ ਭਰਤੀ ਦੀ ਆੜ ਵਿਚ ਵਿਭਾਗੀ ਪ੍ਰਮੋਸ਼ਨਾ ਨੂੰ ਜਾਣਬੁੱਝ ਅਣਗੋਲਿਆ ਕੀਤਾ ਜਾ ਰਿਹਾ ਹੈ।
ਜਿਸ ਕਾਰਨ ਕਈ ਅਧਿਆਪਕ ਪ੍ਰਮੋਸ਼ਨਾ ਦੀ ਉਡੀਕ ਵਿੱਚ ਸੇਵਾ ਮੁਕਤ ਹੋ ਗਏ ਤੇ ਕਈ ਸੇਵਾ ਮੁਕਤ ਹੋਣ ਵਾਲੇ ਹਨ, ਪਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਪ੍ਰਾਇਮਰੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਵਿਭਾਗੀ ਪ੍ਰਮੋਸ਼ਨਾ (ਹੈਡ ਟੀਚਰ, ਸੈਂਟਰ ਹੈਡ ਟੀਚਰ, ਬੀ. ਪੀ. ਈ. ਓ) ਪਿਛਲੇ ਲਗਭਗ ਤਿੰਨ ਸਾਲਾਂ ਤੋਂ ਨਹੀਂ ਕੀਤੀਆਂ, ਜਿਸ ਪ੍ਰਤੀ ਅਧਿਆਪਕਾਂ ਵਿੱਚ ਰੋਸ਼ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਪੋਸਟਾਂ ਗੁਰਦਾਸਪੁਰ 14 ਖਾਲੀ, ਬਠਿੰਡਾ 2 ਖਾਲੀ, ਮੋਗਾ ਵਿੱਚ 3 ਖਾਲ਼ੀ, ਅਮ੍ਰਿਤਸਰ ਵਿੱਚ 7 ਖਾਲੀ, ਸ਼੍ਰੀ ਮੁਕਤਸਰ ਸਾਹਿਬ ਵਿਚ 1 ਖਾਲੀ, ਤਰਨਤਾਰਨ 2 ਖਾਲੀ, ਫਾਜ਼ਿਲਕਾ 3 ਖਾਲੀ, ਲੁਧਿਆਣਾ 9 ਖਾਲੀ, ਕਪੂਰਥਲਾ 3 ਖਾਲੀ, ਸੰਗਰੂਰ 2 ਖਾਲੀ, ਮੋਹਾਲੀ 4 ਖਾਲੀ, ਜਲੰਧਰ 12 ਖਾਲੀ, ਫਿਰੋਜ਼ਪੁਰ 2 ਖਾਲੀ, ਪਟਿਆਲਾ 3 ਖਾਲੀ, ਹੁਸ਼ਿਆਰਪੁਰ 7 ਖਾਲੀ, ਰੂਪਨਗਰ 7 ਖਾਲੀ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੋ ਸਾਲ ਪਹਿਲਾਂ ਇਨ੍ਹਾਂ ਪੋਸਟਾਂ ਨੂੰ ਭਰਨ ਲਈ ਕੇਸ ਵੀ ਮੰਗਵਾਏ ਸਨ ਪਰ ਦੋ ਸਾਲਾਂ ਤੋਂ ਇਹ ਕੇਸ ਉੱਚ ਅਧਿਕਾਰੀਆਂ ਦੇ ਦਫਤਰ ਦੇ ਕਿਸੇ ਕੋਨੇ ਵਿਚ ਪਏ ਆਰਡਰ ਹੋਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਈਟੀਟੀ ਤੋਂ ਹੈਡ ਟੀਚਰ ਪ੍ਰਮੋਸ਼ਨ ਲਈ 7 ਸਾਲ, ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਪ੍ਰਮੋਸ਼ਨ ਲਈ 4 ਸਾਲ, ਸੈਂਟਰ ਹੈਡ ਟੀਚਰ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀ ਪ੍ਰਮੋਸ਼ਨ ਲਈ 3 ਸਾਲ ਉਡੀਕ ਕਰਨ ਦਾ ਜੋ ਫੈਸਲਾ ਲਾਗੂ ਕੀਤਾ ਹੋਇਆ ਹੈ ਉਹ ਸਰਾਸਰ ਗਲਤ ਹੈ। ਇਸ ਕਾਰਨ ਕਈ ਅਧਿਆਪਕ ਬਿਨਾਂ ਪ੍ਰਮੋਸ਼ਨਾ ਦੇ ਰਿਟਾਇਰਡ ਹੋ ਰਹੇ ਹਨ। ਸਰਕਾਰ ਨੂੰ ਤੁਰੰਤ ਰਿਟਾਇਰਡ ਹੋਣ ਵਾਲੇ ਅਧਿਆਪਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਪ੍ਰਮੋਸ਼ਨਾ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ।
ਆਗੂਆਂ ਕਿਹਾ ਕਿ ਪਾ੍ਇਮਰੀ ਅਧਿਆਪਕਾਂ ਦੀਆਂ ਮਾਸਟਰ ਕੈਡਰ ਪ੍ਰਮੋਸ਼ਨਾ ਵੀ ਕਿਉਂ ਨਹੀਂ ਕੀਤੀਆਂ ਜਾ ਰਹੀਆਂ, ਵਿਭਾਗ ਇਹਨਾਂ ਪ੍ਰਮੋਸ਼ਨਾ ਤੇ ਵੀ ਚੁੱਪੀ ਤੋੜਨ ਨੂੰ ਤਿਆਰ ਨਹੀਂ। 2001 ਤੇ 2002 ਦੇ ਈਟੀਟੀ ਅਧਿਆਪਕ ਅਜੇ ਤੱਕ ਹਿੰਦੀ, ਸਮਾਜਿਕ ਤੇ ਪੰਜਾਬੀ ਵਿਸ਼ੇ ਦੀ ਬੀਐੱਡ ਪ੍ਰਮੋਸ਼ਨਾ ਨੂੰ ਉਡੀਕ ਕਰ ਰਹੇ ਹਨ। ਪਤਾ ਨਹੀਂ ਸਿੱਖਿਆ ਵਿਭਾਗ ਪਾ੍ਇਮਰੀ ਅਧਿਆਪਕਾਂ ਦੇ ਸਬਰ ਦਾ ਹੋਰ ਕਿਨ੍ਹਾਂ ਇਮਤਿਹਾਨ ਲੈਣਾ ਚਾਹੁੰਦਾ ਹੈ? ਉਨ੍ਹਾਂ ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਾਇਮਰੀ ਅਧਿਆਪਕਾਂ ਦੀਆਂ ਵਿਭਾਗੀ ਪ੍ਰਮੋਸ਼ਨਾ ਜਲੱਦ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।