ਅਸ਼ੋਕ ਵਰਮਾ
ਬਠਿੰਡਾ, 23 ਅਪਰੈਲ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਇਸ ਵਾਰ ਮਈ ਦਿਹਾੜਾ ਕੋਵਿਡ-19 ਕਰਕੇ ਪੈਦਾ ਹੋਈ ਸੰਸਾਰ ਵਿਆਪੀ ਮਹਾਂਮਾਰੀ ਦਰਮਿਆਨ ਨਵਉਦਾਰਵਾਦੀ ਸੰਸਾਰ ਨਿਜਾਮ ਅਤੇ ਇਸ ਦੀ ਭਾਈਵਾਲ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਪਣਾਈ ਗਈ ਪਹੁੰਚ ਖਿਲਾਫ਼ ਸੰਗਰਾਮ ਤੇਜ ਕਰਨ ਦੇ ਸੰਕਲਪ ਦਿਵਸ ਵਜੋਂ ਮਨਾਏ ਜਾਣ ਦਾ ਨਿਰਣਾ ਲਿਆ ਗਿਆ ਹੈ।
ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕਾਮਰੇਡ ਮਾਹੀਪਾਲ ਬਠਿੰਡਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਸਭਨਾਂ ਪਾਰਟੀ ਇਕਾਈਆਂ ਨੂੰ ਇਹ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਕਿ ਸਾਰੇ ਪਾਰਟੀ ਮੈਂਬਰ, ਹਮਦਰਦ ਅਤੇ ਸਹਿਯੋਗੀ ਸੰਗਠਨਾਂ ਦੇ ਕਾਰਕੁੰਨ ਲਾੱਕ ਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦਿਆਂ ਪਹਿਲੀ ਮਈ ਨੂੰ ਆਪੋ-ਆਪਣੇ ਘਰਾਂ ਵਿੱਚ ਪਰਿਵਾਰਾਂ ਸਮੇਤ ਕਿਰਤੀਆਂ ਦੀ ਬੰਦਖਲਾਸੀ ਦੇ ਪ੍ਰਤੀਕ ਸੂਹੇ ਝੰਡੇ ਲਹਿਰਾਉਣ।
ਆਗੂਆਂ ਨੇ ਦੱਸਿਆ ਕਿ ਮਈ ਦਿਵਸ ਸਮਾਰੋਹਾਂ ਮੌਕੇ ਅਤੇ ਉਸ ਤੋਂ ਪਹਿਲਾਂ ਤਿਆਰੀ ਲਈ ਹੋਣ ਵਾਲੀ ਸਰਗਰਮੀ ਦੌਰਾਨ ਮੰਗ ਕੀਤੀ ਜਾਵੇਗੀ ਕਿ ਮੋਦੀ ਸਰਕਾਰ ਗੋਦਾਮਾਂ ‘ਚ ਪਏ ਚੌਲਾਂ ਤੋਂ ਸੇਨੇਟਾਈਜਰ ਆਦਿ ਤਿਆਰ ਕਰਨ ਦੇ ਹਾਸੋਹੀਣੇ ਇਸਤੇਮਾਲ ਦੀਆਂ ਹਵਾਈ ਗੱਲਾਂ ਨੂੰ ਦਰਕਿਨਾਰ ਕਰਦਿਆਂ ਕਣਕ, ਚੌਲ,ਦਾਲਾਂ ਅਤੇ ਅਨਾਜ ਦੀ ਗਰੀਬ ਲੋਕਾਂ ਵਿੱਚ ਫੌਰੀ ਵੰਡ ਦੇ ਪੁਖਤਾ ਇੰਤਜ਼ਾਮ ਕਰੇ। ਇਸ ਤੋਂ ਇਲਾਵਾ ਘੱਟੋ ਘੱਟ 5000 ਰੁਪਏ ਪ੍ਰਤੀ ਪਰਿਵਾਰ ਫੌਰੀ ਨਕਦ ਰਕਮ ਵੀ ਗਰੀਬ ਪਰਿਵਾਰਾਂ ਨੂੰ ਦਿੱਤੀ ਜਾਵੇ ਤਾਂ ਕਿ ਰੋਜਾਨਾ ਜਿੰਦਗੀ ਦੀਆਂ ਘੱਟੋ ਘੱਟ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ।
ਉਨਾਂ ਕੇਂਦਰੀ ਸਰਕਾਰ ਅਤੇ ਵੱਖੋ-ਵੱਖ ਸੂਬਿਆਂ ਦੀਆਂ ਸਰਕਾਰਾਂ ਦੀ ਪੱਖਪਾਤੀ ਪਹੁੰਚ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਸਰਕਾਰਾਂ, ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ, ਆਪਣੇ ਘਰਾਂ ਨੂੰ ਪਰਤਣ ਦੇ ਚਾਹਵਾਨ ਪ੍ਰਵਾਸੀ ਕਿਰਤੀਆਂ ਨੂੰ ਘਰੀਂ ਭੇਜਣ ਦੇ ਠੋਸ ਪ੍ਰਬੰਧ ਕਰਨ। ਆਰਐਮਪੀਆਈ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਅਤੇ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਵੀ ਐਲਾਨ ਕੀਤਾ ਕਿ ਪਾਰਟੀ ਮਈ ਦਿਵਸ ਨੂੰ ਉਤਸ਼ਾਹ ਪੂਰਵਕ ਮਨਾਉਣ ’ਚ ਕੋਈ ਕਸਰ ਬਾਕੀ ਨਹੀਂ ਰੱਖੇਗੀ।