ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ 2020 - ਮੌਸਮ ਦੀ ਖ਼ਰਾਬੀ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ 08 ਤੋਂ 10 ਕੁਇੰਟਲ ਤੱਕ ਘਟਿਆ ਹੈ, ਜਿਸ ਸਬੰਧੀ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੌਸਮ ਦੀ ਖ਼ਰਾਬੀ ਕਾਰਨ ਆਏ ਮਾਜੂ ਤੇ ਬਦਰੰਗ ਦਾਣੇ ਦੀ ਐਫ.ਸੀ.ਆਈ. ਵੱਲੋਂ ਪਹਿਲੇ ਦਿਨ ਤੋਂ ਹੀ ਖ਼ਰੀਦ ਨਾ ਕੀਤੇ ਜਾਣ ਕਾਰਨ ਕਿਸਾਨਾਂ ਦੀ ਬੇਕਦਰੀ ਹੋਈ ਹੈ ਤੇ ਉਨ੍ਹਾਂ ਨੂੰ ਮੁਸ਼ਕਲਾਂ ਦਰਪੇਸ਼ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਘੱਟੋ ਘੱਟ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਇਸ ਔਖੀ ਘੜੀ ਵਿੱਚ ਤਾਂ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਨਾਲ ਪੱਖਪਾਤ ਦਾ ਰਵੱਈਆ ਛੱਡ ਕੇ ਪੰਜਾਬ ਦੇ ਕਿਸਾਨ ਦੀ ਬਾਂਹ ਫੜੇ।
ਨਾਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਘੱਟ ਝਾੜ ਦਾ ਮੁਆਵਜ਼ਾ ਦੇਣ ਦੇ ਨਾਲ ਨਾਲ ਨਾਲ ਮਾਜੂ ਤੇ ਬਦਰੰਗ ਦੀ ਐਫ.ਸੀ.ਆਈ. ਜ਼ਰੀਏ ਖ਼ਰੀਦ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਮੰਤਰੀਆਂ ਵੱਲੋਂ ਵੀ ਕਿਸਾਨਾਂ ਦੀ ਇਸ ਮੁਸ਼ਕਲ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਨਾਗਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਜਦੋਂ ਤੱਕ ਮਾਜੂ ਤੇ ਬਦਰੰਗ ਦਾਣੇ ਸਬੰਧੀ ਕੇਂਦਰ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾਂਦਾ, ਉਦੋਂ ਤੱਕ ਮੰਡੀਆਂ ਵਿੱਚ ਪਈ ਇਸ ਕਿਸਮ ਦੀ ਫ਼ਸਲ ਨੂੰ ਤੋਲ ਕੇ ਬੋਰੀਆਂ ਵਿੱਚ ਭਰ ਕੇ ਕਈ ਦਿਨਾਂ ਤੋਂ ਮਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਘਰ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਨੇ ਅਖੌਤੀ ਆਗੂਆਂ ਨੂੰ ਕਿਹਾ ਕਿ ਮੰਡੀਆਂ ਵਿੱਚ ਜਾ ਕੇ ਮਗਰਮੱਛ ਦੇ ਹੰਝੂ ਵਗਾਉਣ ਦੀ ਥਾਂ ਇੰਨੇ ਦਿਨਾਂ ਤੋਂ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਤੋਂ ਕਿਸਾਨਾਂ ਲਈ ਰਾਹਤ ਦੀ ਹੀ ਮੰਗ ਕਰ ਲੈਂਦੇ। ਹਲਕਾ ਵਿਧਾਇਕ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੀ ਸਰਕਾਰ ਸਦਾ ਉਨ੍ਹਾਂ ਦੇ ਨਾਲ ਖੜ੍ਹੀ ਹੈ।