ਫਿਰੋਜ਼ਪੁਰ, 23 ਅਪ੍ਰੈਲ 2020 : ਜਿੱਥੇ ਸਾਰਾ ਸੰਸਾਰ ਕਰੋਨਾ ਵਾਇਰਸ ਨਾਲ ਇੱਕ ਜੰਗ ਲੜ ਰਿਹਾ ਹੈ ਉੱਥੇ ਹੇਠਲੇ ਪੱਧਰ ਤੇ ਗਰਾਊਂਡ ਲੈਵਲ ਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਲੋਕਾਂ ਨੂੰ ਇਸ ਵਾਇਰਸ ਤੋ ਬਚਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਅਤੇ ਸਫ਼ਾਈ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਲਗਾਤਾਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਕਰਮਚਾਰੀ ਰੋਜ਼ਾਨਾ ਸਵੇਰੇ 6:00 ਵਜੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਨੂੰ ਸਾਫ਼ ਕਰਨਾ ਸ਼ੁਰੂ ਕਰਦੇ ਹਨ। ਆਮ ਦਿਨਾ ਵਾਂਗ ਹੀ ਸ਼ਹਿਰ ਦੀ ਸਫ਼ਾਈ ਨਿਰੰਤਰ ਚੱਲ ਰਹੀ ਹੈ। ਲੋਕਾਂ ਨੂੰ ਆਪਣੇ ਘਰ ਵਿਚ ਸਫ਼ਾਈ ਸਬੰਧੀ ਕਿਸੇ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ ਇਸ ਲਈ ਰੋਜ਼ਾਨਾ ਸ਼ਹਿਰ ਦੇ ਲਗਭਗ 24000 ਹਜ਼ਾਰ ਘਰਾਂ ਅੰਦਰੋਂ 35-40 ਟਨ ਕਚਰਾ ਨਿਰੰਤਰ ਉਠਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਅਤੇ ਗੁਰਇੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ ਰੋਜ਼ਾਨਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਕਰੋਨਾ ਵਾਇਰਸ ਦੇ ਬਚਾਅ ਲਈ ਡਿਸਇਨਫੈਕਟਿਡ ਸਪਰੇਅ ( ਸੈਨੀਟਾਇਜ਼ਰ ) ਕਰਵਾਇਆ ਜਾ ਰਿਹਾ ਹੈ। ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਹੁਣ ਤੱਕ ਸ਼ਹਿਰ ਦੇ ਸਾਰੇ ਵਾਰਡਾਂ, ਕਮਰਸ਼ੀਅਲ ਏਰੀਆ ਅਤੇ ਪਬਲਿਕ ਸਥਾਨ ਜਿਵੇਂ ਕਿ ਪਾਰਕ, ਸਟੇਡੀਅਮ, ਬੈਂਕ, ਧਾਰਮਿਕ ਸਥਾਨਾਂ ਨੂੰ ਲਗਾਤਾਰ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ। ਕਣਕ ਦੇ ਸੀਜ਼ਨ ਦੌਰਾਨ ਇੱਥੋਂ ਦੇ ਆੜ੍ਹਤੀਆਂ, ਲੇਬਰ ਅਤੇ ਕਿਸਾਨਾਂ ਦੀ ਸੁਰੱਖਿਆ ਲਈ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਦਾਣਾ ਮੰਡੀਆਂ ਨੂੰ ਵੀ ਸੈਨੀਟਾਇਜ਼ ਕਰਵਾਇਆ ਗਿਆ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਇਸ਼ਤਿਹਾਰ, ਫਲੈਕਸ ਬੈਨਰ, ਮੁਨਾਦੀ ਰਾਹੀ ਸ਼ਹਿਰ ਵਾਸੀਆਂ ਨੂੰ ਸਰਕਾਰ ਦੀਆ ਹਦਾਇਤਾਂ ਦੀ ਪਾਲਨਾ ਲਈ ਜਾਗਰੂਕ ਕਰਵਾਇਆ ਜਾ ਰਿਹਾ ਹੈ, ਇਸ ਲਈ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਆਪਣੇ 6 ਮੋਟੀਵੇਟਰ ਦੀ ਟੀਮ ਬਣਾਈ ਗਈ ਹੈ ਜੋ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਜਾਗਰੂਕਤਾ ਅਭਿਆਨ ਵਿੱਚ ਪਹਿਲ ਕਦਮੀ ਕਰਦੇ ਹੋਏ ਨਗਰ ਕੌਂਸਲ ਵੱਲੋਂ ਫਿਰੋਜ਼ਪੁਰ ਦੀਆ ਮੇਨ ਸੜਕਾਂ ਤੇ ਘਰ ਰਹਿਣ, ਸੋਸ਼ਲ ਡਿਸਟੇਂਸ ਰੱਖਣ, ਮਾਸਕ ਦੀ ਵਰਤੋ ਕਰਨ ਆਦਿ ਸਬੰਧੀ ਇੱਕ ਵੱਖਰੇ ਰੂਪ ਦੀ ਪੇਂਟਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਲੋਕ ਜਾਗਰੂਕ ਹੋ ਸਕਣ। ਕਾਰਜਸਾਧਕ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਨੇ ਫਿਰੋਜ਼ਪੁਰ ਸ਼ਹਿਰ ਦੇ ਵਾਸੀਆਂ ਦੀ ਸਹੂਲਤ ਲਈ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ ਤਾਂ ਜੋ ਕਿਸੇ ਸਮੇਂ ਵੀ ਸਫ਼ਾਈ/ਗਾਰਬੇਜ਼ ਦੀ ਕਲੈਕਸ਼ਨ ਅਤੇ ਸੈਨੇਟਾਇਜ ਲਈ ਲੋਕਾਂ ਨੂੰ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਸ਼ਹਿਰ ਦੀ ਸਫ਼ਾਈ ਲਈ ਅਤੇ ਕਚਰੇ ਦੀ ਕਲੈਕਸ਼ਨ ਲਈ 81980-54142 ਅਤੇ ਸੈਨੇਟਾਇਜ ਲਈ 94652-50208 ਤੇ ਸੰਪਰਕ ਜਾ ਵਟਸਐਪ ਕੀਤਾ ਜਾ ਸਕਦਾ ਹੈ।